ਸੋਨੀਆ ਦੀ ਮੀਟਿੰਗ ‘ਚ ਜਾਖੜ, ਚੰਨੀ ਤੇ ਸਿੱਧੂ ਵੱਲੋਂ ਸਕ੍ਰੀਨਿੰਗ ਕਮੇਟੀ ਦੇ ਉਮੀਦਵਾਰਾਂ ਦਾ ਵਿਰੋਧ

0
41

ਚੰਡੀਗਡ਼੍ਹ (TLT) ਟਿਕਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ ਦੀ ਸੈਂਟਰਲ ਇਲੈਕਸ਼ਨ ਕਮੇਟੀ (ਸੀਈਸੀ) ਦੀ ਮੀਟਿੰਗ ਵਿਚ ਸਕ੍ਰੀਨਿੰਗ ਕਮੇਟੀ ਦੇ ਮੈਂਬਰ ਵੰਡੇ ਗਏ। ਇਕ ਦੇ ਬਾਅਦ ਇਕ ਸੀਟਾਂ ’ਤੇ ਸਕ੍ਰੀਨਿੰਗ ਕਮੇਟੀ ਦੇ ਮੈਂਬਰਾਂ ਦੀ ਵੱਖੋ-ਵੱਖ ਰਾਇ ਨੂੰ ਦੇਖਦੇ ਹੋਏ ਇਕ ਘੰਟੇ ਤਕ ਚੱਲੀ ਸੀਈਸੀ ਮੀਟਿੰਗ ਵਿਚ ਕੋਈ ਫੈਸਲਾ ਨਹੀਂ ਹੋ ਸਕਿਆ। ਇਸ ਦੇ ਬਾਅਦ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਸਕ੍ਰੀਨਿੰਗ ਕਮੇਟੀ ਨੂੰ ਨਿਰਦੇਸ਼ ਦਿੱਤੇ ਕਿ ਉਹ ਮੁਡ਼ ਵਿਚਾਰ ਕਰ ਕੇ ਸੀਈਸੀ ਦੇ ਅੱਗੇ ਆਵੇ। ਹੁਣ ਇਹ ਮੀਟਿੰਗ ਸ਼ੁੱਕਰਵਾਰ ਨੂੰ ਹੋਵੇਗੀ। ਜਾਣਕਾਰੀ ਅਨੁਸਾਰ ਤਕਰੀਬਨ ਇਕ ਘੰਟਾ ਚੱਲੀ ਮੀਟਿੰਗ ਦੌਰਾਨ ਇਕ ਦੇ ਬਾਅਦ ਇਕ, ਕਈ ਸੀਟਾਂ ’ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਸੀਨੀਅਰ ਆਗੂ ਸੁਨੀਲ ਜਾਖਡ਼ ਵਿਚਕਾਰ ਮਤਭੇਦ ਉਭਰ ਕੇ ਸਾਹਮਣੇ ਆਏ।

ਪਾਰਟੀ ਸੂਤਰਾਂ ਅਨੁਸਾਰ ਮੁੱਖ ਮੰਤਰੀ ਨੇ ਆਦਮਪੁਰ ਸੀਟ ’ਤੇ ਸੀਨੀਅਰ ਆਗੂ ਮੋਹਿੰਦਰ ਸਿੰਘ ਕੇਪੀ ਦਾ ਨਾਂ ਲਿਆ ਜਦਕਿ ਇਸ ਸੀਟ ਨੂੰ ਲੈ ਕੇ ਚਰਚਾ ਇਹ ਵੀ ਚੱਲ ਰਹੀ ਸੀ ਕਿ ਚੰਨੀ ਚਮਕੌਰ ਸਾਹਿਬ ਤੋਂ ਇਲਾਵਾ ਆਦਮਪੁਰ ਸੀਟ ’ਤੇ ਵੀ ਚੋਣ ਲਡ਼ਨਾ ਚਾਹੁੰਦੇ ਹਨ। ਚਰਚਾ ਸੀ ਕਿ ਚੰਨੀ ਦੇ ਆਦਮਪੁਰ ਸੀਟ ਤੋਂ ਲਡ਼ਨ ਨਾਲ ਦੁਆਬਾ ਦੇ ਐੱਸਸੀ ਵੋਟ ਬੈਂਕ ਨੂੰ ਇਕਜੁੱਟ ਕੀਤਾ ਜਾ ਸਕਦਾ ਹੈ। ਪਾਰਟੀ ਪਹਿਲਾਂ ਇਸ ਸੀਟ ਤੋਂ ਜਲੰਧਰ ਪੱਛਮੀ ਦੇ ਵਿਧਾਇਕ ਸੁਸ਼ੀਲ ਰਿੰਕੂ ਨੂੰ ਲਡ਼ਾਉਣਾ ਚਾਹੁੰਦੀ ਸੀ ਤੇ ਜਲੰਧਰ ਪੱਛਮੀ ਤੋਂ ਮੋਹਿੰਦਰ ਸਿੰਘ ਕੇਪੀ ਨੂੰ। ਕੇਪੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਜ਼ਦੀਕੀ ਰਿਸ਼ਤੇਦਾਰ ਵੀ ਹਨ।