ਅਣਪਛਾਤੇ ਵਾਹਨ ਨੇ ਸਾਈਕਲ ਸਵਾਰ ਨੂੰ ਮਾਰੀ ਟੱਕਰ, ਮੌਤ

0
36

ਜਲੰਧਰ (ਰਮੇਸ਼ ਗਾਬਾ) ਥਾਣਾ ਨੰ. ਪੰਜ ਦੀ ਹੱਦ ਵਿਚ ਪੈਂਦੇ ਬਾਬੂ ਜਗਜੀਵਨ ਰਾਮ ਚੌਕ ਵਿਚ ਅੱਜ ਸਵੇਰੇ ਇਕ ਸੜਕ ਹਾਦਸੇ ਵਿਚ ਉਸ ਵੇਲੇ ਇਕ ਸਾਈਕਲ ਰਿਪੇਅਰ ਕਰਨ ਵਾਲੇ ਦੀ ਮੌਤ ਹੋ ਗਈ ਜਦ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਨੂੰ ਕਾਫ਼ੀ ਦੂਰ ਤਕ ਘਸੀਟਦਾ ਹੋਇਆ ਲੈ ਗਿਆ।

ਜਾਣਕਾਰੀ ਅਨੁਸਾਰ ਮਨਜੀਤ ਕੁਮਾਰ ਉਰਫ ਬੰਟੀ ਵਾਸੀ ਬਸਤੀ ਸ਼ੇਖ ਰੋਜ਼ ਵਾਂਗ ਆਪਣੀ ਸਾਈਕਲ ਰਿਪੇਅਰ ਕਰਨ ਵਾਲੀ ਦੁਕਾਨ ਬਸਤੀ ਗੁਜ਼ਾਂ ਪੈਦਲ ਜਾ ਰਿਹਾ ਸੀ। ਜਦ ਉਹ ਬਾਬੂ ਜਗਜੀਵਨ ਰਾਮ ਚੌਕ ਲਾਗੇ ਪਹੁੰਚਿਆ ਤਾਂ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਉਹ ਹੇਠਾਂ ਡਿੱਗ ਪਿਆ ਅਤੇ ਵਾਹਨ ਉਸ ਨੂੰ ਘਸੀਟਦਾ ਹੋਇਆ ਕਾਫੀ ਦੂਰ ਤੱਕ ਲੈ ਗਿਆ ਜਿਸ ਨਾਲ ਮਨਜੀਤ ਦੇ ਸ਼ਰੀਰ ਦੇ ਕਈ ਟੁਕੜੇ ਹੋ ਗਏ। ਮਨਜੀਤ ਦੀ ਮੌਕੇ ਤੇ ਹੀ ਮੌਤ ਹੋ ਗਈ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਪੰਜ ਦੇ ਮੁਖੀ ਇੰਸਪੈਕਟਰ ਗੁਰਵਿੰਦਰਜੀਤ ਸਿੰਘ ਮੌਕੇ ਤੇ ਪਹੁੰਚੇ ਅਤੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਭੇਜ ਦਿੱਤੀ।ਪੁਲੀਸ ਨੇ ਮ੍ਰਿਤਕ ਦੀ ਪਤਨੀ ਵਿੱਦਿਆ ਰਾਣੀ ਦੇ ਬਿਆਨਾਂ ਤੇ ਅਣਪਛਾਤੇ ਵਾਹਨ ਚਾਲਕ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇੰਸਪੈਕਟਰ ਗੁਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰ ਰਹੀ ਹੈ ਅਤੇ ਵਾਹਨ ਦੀ ਪਹਿਚਾਣ ਕੀਤੀ ਜਾ ਰਹੀ ਹੈ।