ਪ੍ਰਿਅੰਕਾ ਗਾਂਧੀ ਤਕ ਪਹੁੰਚੀ ਗੱਲ ਤਾਂ ਮਿਲਿਆ ਦਿਵਿਆਂਗ ਸ਼ਤਰੰਜ ਖਿਡਾਰਨ ਨੂੰ ਇਨਸਾਫ, ਮਿਲਣਗੇ 21 ਲੱਖ ਤੇ ਸਰਕਾਰੀ ਨੌਕਰੀ

0
41

ਜਲੰਧਰ (TLT) ਲੰਬੀ ਉਡੀਕ ਤੋਂ ਬਾਅਦ ਆਖ਼ਰ ਪੰਜਾਬ ਸਰਕਾਰ ਨੇ ਕੌਮਾਂਤਰੀ ਸ਼ਤਰੰਜ ਖਿਡਾਰਨ ਮੱਲਿਕਾ ਹਾਂਡਾ ਦੀ ਮੰਗ ਮੰਨ ਲਈ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੁੱਧਵਾਰ ਨੂੰ ਚੰਡੀਗਡ਼੍ਹ ’ਚ ਮੱਲਿਕਾ ਹਾਂਡਾ ਨੂੰ ਕੋਚ ਦੀ ਸਰਕਾਰੀ ਨੌਕਰੀ ਅਤੇ 21 ਲੱਖ ਰੁਪਏ ਦੇ ਪੱਤਰ ’ਤੇ ਹਸਤਾਖਰ ਕਰ ਦਿੱਤੇ।

ਮੱਲਿਕਾ ਹਾਂਡਾ ਦੀ ਮਾਂ ਰੇਣੂ ਹਾਂਡਾ ਨੇ ਦੱਸਿਆ ਕਿ ਸੂਬੇ ਦੇ ਸਾਬਕਾ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਤੇ ਮੌਜੂਦਾ ਮੰਤਰੀ ਪਰਗਟ ਸਿੰਘ ਦੇ ਭਰੋਸੇ ਤੋਂ ਬਾਅਦ ਉਨ੍ਹਾਂ ਦੀ ਧੀ ਨੂੰ ਨਕਦ ਇਨਾਮ ਤੇ ਨੌਕਰੀ ਨਹੀਂ ਦਿੱਤੀ ਗਈ। ਜਦੋਂ ਮੀਡੀਆ ਜ਼ਰੀਏ ਪ੍ਰਿਅੰਕਾ ਗਾਂਧੀ ਨੂੰ ਮੱਲਿਕਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਕਾਂਗਰਸੀ ਆਗੂ ਅਲਕਾ ਲਾਂਬਾ ਨੂੰ ਪਰਿਵਾਰ ਨਾਲ ਸੰਪਰਕ ਕਰਨ ਲਈ ਕਿਹਾ। ਉਸ ਤੋਂ ਬਾਅਦ ਡਾਇਰੈਕਟਰ ਖੇਡ ਵਿਭਾਗ ਨੇ ਉਨ੍ਹਾਂ ਨੂੰ ਚੰਡੀਗਡ਼੍ਹ ਬੁਲਾਇਆ। ਉਥੇ ਅਲਕਾ ਲਾਂਬਾ ਨੇ ਮੁੱਖ ਮੰਤਰੀ ਚੰਨੀ ਨਾਲ ਮੁਲਾਕਾਤ ਕਰਵਾਈ ਅਤੇ ਨਕਦ ਇਨਾਮ ਤੇ ਨੌਕਰੀ ਦਿੱਤੇ ਜਾਣ ਦੇ ਪੱਤਰ ’ਤੇ ਹਸਤਾਖਰ ਕਰਵਾਏ। ਚੰਨੀ ਨੂੰ ਮਿਲਣ ਦੌਰਾਨ ਮੱਲਿਕਾ ਦੇ ਪਿਤਾ ਸੁਰੇਸ਼ ਹਾਂਡਾ ਤੇ ਭਰਾ ਅਤੁਲ ਹਾਂਡਾ ਵੀ ਮੌਜੂਦ ਸਨ। ਹਾਲਾਂਕਿ ਉਨ੍ਹਾਂ ਕਿਹਾ ਕਿ ਹਾਲੇ ਤਕ ਸਰਕਾਰ ਵੱਲੋਂ ਕੋਈ ਹੋਰ ਡੀਟੇਲ ਨਹੀਂ ਮੰਗਵਾਈ ਗਈ। ਇਹ ਵੀ ਸਾਫ ਨਹੀਂ ਕੀਤਾ ਕਿ ਮੱਲਿਕਾ ਦੀ ਨਿਯੁਕਤੀ ਰੈਗੂਲਰ ਹੋਵੇਗੀ ਜਾਂ ਠੇਕੇ ’ਤੇ।

ਓਧਰ ਮੱਲਿਕਾ ਹਾਂਡਾ ਨੇ ਕਿਹਾ ਕਿ ਉਹ 6 ਕਰੋਡ਼ ਦਾ ਇਨਾਮ ਪ੍ਰਾਪਤ ਕਰਨ ਦੀ ਹੱਕਦਾਰ ਹੈ ਪਰ ਸਰਕਾਰ ਨੇ ਉਸ ਨੂੰ ਸਿਰਫ 21 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਦੋ ਜਨਵਰੀ ਨੂੰ ਸਵੇਰੇ ਮੱਲਿਕਾ ਨੇ ਟਵਿਟਰ ’ਤੇ ਵੀਡੀਓ ਸ਼ੇਅਰ ਕਰਕੇ ਪਰਗਟ ਸਿੰਘ ’ਤੇ ਨੌਕਰੀ ਨਾ ਦੇਣ ਦੇ ਦੋਸ਼ ਲਾਏ ਸਨ। ਉਨ੍ਹਾਂ ਕਿਹਾ ਸੀ ਕਿ ਸਰਕਾਰ ਨੇ ਉਸ ਨੂੰ ਬੇਵਕੂਫ ਬਣਾਇਆ ਅਤੇ ਉਸ ਦੇ ਕਈ ਸਾਲ ਖਰਾਬ ਕਰ ਦਿੱਤੇ। ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਉਸ ਦਾ ਸਮਰਥਨ ਕੀਤਾ ਸੀ। ਮੀਡੀਆ ’ਚ ਸੁਰਖੀਆਂ ਬਣਨ ਤੋਂ ਬਾਅਦ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਕਿਹਾ ਸੀ ਕਿ ਜੇ ਮੱਲਿਕਾ ਉਸ ਕੋਲ ਆਉਂਦੀ ਤਾਂ ਉਹ ਜ਼ਰੂਰ ਨੌਕਰੀ ਦੇ ਦਿੰਦੇ।