ਇਸ ਮਹੀਨੇ ਮਿਲ ਜਾਵੇਗਾ ਯੂਜੀਸੀ ਨੂੰ ਨਵਾਂ ਚੇਅਰਮੈਨ, ਸਿੱਖਿਆ ਮੰਤਰਾਲੇ ਨੇ ਤੇਜ਼ ਕੀਤੀ ਨਿਯੁਕਤੀ ਪ੍ਰਕਿਰਿਆ

0
44

ਨਵੀਂ ਦਿੱਲੀ (tlt) ਉੱਚ ਵਿੱਦਿਅਕ ਅਦਾਰਿਆਂ ਨੂੰ ਵਿਸ਼ਵ ਪੱਧਰੀ ਬਣਾਉਣ ਦੀ ਮੁਹਿੰਮ ਦੇ ਨਾਲ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੀਆਂ ਸਿਫਾਰਸ਼ਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ’ਚ ਲੱਗਾ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੂੰ ਨਵੇਂ ਚੇਅਰਮੈਨ ਲਈ ਲੰਬੀ ਉਡੀਕ ਨਹੀਂ ਕਰਨੀ ਪਵੇਗੀ। ਜਨਵਰੀ ਦੇ ਅੰਤ ਤਕ ਉਸ ਨੂੰ ਨਵਾਂ ਚੇਅਰਮੈਨ ਮਿਲ ਜਾਵੇਗਾ। ਸਿੱਖਿਆ ਮੰਤਰਾਲੇ ਇਸ ਪ੍ਰਕਿਰਿਆ ਨੂੰ ਤੇਜ਼ੀ ਨਾਲ ਅੱਗੇ ਵਧਾ ਰਿਹਾ ਹੈ। ਇਸ ਦੌਡ਼ ’ਚ ਹੁਣ ਤਕ ਜਿਹਡ਼ੇ ਨਾਂ ਸਾਹਮਣੇ ਆ ਰਹੇ ਹਨ, ਉਨ੍ਹਾਂ ’ਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ), ਦਿੱਲੀ ਯੂਨੀਵਰਸਿਟੀ (ਡੀਯੂ). ਕਾਸ਼ੀ ਹਿੰਦੂ ਯੂਨੀਵਰਸਿਟੀ (ਬੀਐੱਚਯੂ) ਤੇ ਇੰਦਰਾ ਗਾਂਧੀ ਰਾਸ਼ਟਰੀ ਓਪਨ ਯੂਨੀਵਰਸਿਟੀ (ਇਗਨੂ) ਦੇ ਸਾਬਕਾ ਵਾਈਸ ਚਾਂਸਲਰ ਤੇ ਪ੍ਰੋਫੈਸਰ ਵੀ ਸ਼ਾਮਲ ਹਨ।

ਯੂਜੀਸੀ ਦੇ ਚੇਅਰਮੈਨ ਦੀ ਨਿਯੁਕਤੀ ਨੂੰ ਲੈ ਕੇ ਸਿੱਖਿਆ ਮੰਤਰਾਲੇ ਇਸ ਲਈ ਵੀ ਜਲਦੀ ’ਚ ਹੈ ਕਿਉਂਕਿ ਉੱਥੇ ਇਕ ਹੀ ਸਮੇਂ ’ਚ ਚੇਅਰਮੈਨ ਤੇ ਵਾਈਸ ਚੇਅਰਮੈਨ ਦੋਵਾਂ ਦੀਆਂ ਪੋਸਟਾਂ ਖਾਲੀ ਹਨ। ਅਜਿਹੇ ’ਚ ਯੂਜੀਸੀ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਸਿੱਖਿਆ ਮੰਤਰਾਲੇ ਦੇ ਉੱਚ ਸਿੱਖਿਆ ਸਕੱਤਰ ਨੂੰ ਸੌਂਪੀ ਗਈ ਹੈ। ਵੈਸੇ ਵੀ ਉੱਚ ਵਿੱਦਿਅਕ ਅਦਾਰਿਆਂ ’ਚ ਜਿਸ ਤੇਜ਼ੀ ਨਾਲ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਅਮਲ ਦਾ ਕੰਮ ਚੱਲ ਰਿਹਾ ਹੈ, ਉਸ ਵਿਚ ਯੂਜੀਸੀ ਦੇ ਦੋਵੇਂ ਮੁੱਖ ਅਹੁਦੇ ਖ਼ਾਲੀ ਹੋਣ ਕਾਰਨ ਕੰਮ ਪ੍ਰਭਾਵਿਤ ਹੋਣ ਦਾ ਖ਼ਤਰਾ ਹੈ। ਇਹੀ ਕਾਰਨ ਹੈ ਕਿ ਸਿੱਖਿਆ ਮੰਤਰਾਲੇ ਨੇ ਯੂਜੀਸੀ ਦੇ ਚੇਅਰਮੈਨ ਦਾ ਅਹੁਦਾ ਖ਼ਾਲੀ ਹੋਣ ਤੋਂ ਇਕ ਮਹੀਨਾ ਪਹਿਲਾਂ ਨਵੇਂ ਚੇਅਰਮੈਨ ਦੀ ਨਿਯੁਕਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ। ਇਸ ਦੇ ਤਹਿਤ 30 ਨਵੰਬਰ, 2021 ਤਕ ਇਸ ਅਹੁਦੇ ਲਈ ਯੋਗ ਲੋਕਾਂ ਦੀਆਂ ਅਰਜ਼ੀਆਂ ਮੰਗੀਆਂ ਗਈਆਂ ਸਨ। ਸੂਤਰਾਂ ਦੀ ਮੰਨੀਏ ਤਾਂ ਅਰਜ਼ੀਆਂ ਨੂੰ ਸ਼ਾਰਟਲਿਸਟ ਕਰ ਲਿਆ ਗਿਆ ਹੈ। ਹੁਣ ਆਖਰੀ ਨਾਂ ’ਤੇ ਫ਼ੈਸਲਾ ਹੋਣਾ ਹੈ ਜਿਹਡ਼ਾ ਸਿੱਖਿਆ ਮੰਤਰੀ ਦੇ ਪੱਧਰ ’ਤੇ ਕੀਤਾ ਜਾਵੇਗਾ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਤਹਿਤ ਯੂਜੀਸੀ ਦੀ ਥਾਂ ਭਾਰਤੀ ਉੱਚ ਸਿੱਖਿਆ ਕਮਿਸ਼ਨ (ਹੇਕੀ) ਦੇ ਗਠਨ ਦੀ ਵੀ ਤਜਵੀਜ਼ ਹੈ ਪਰ ਹਾਲੇ ਤਕ ਸਰਕਾਰ ਨੇ ਇਸ ਬਾਰੇ ਚੁੱਪ ਰੱਖੀ ਹੈ।