ਕੈਪਟਨ ਦੇ ਨਜ਼ਦੀਕੀ ਰਿਸ਼ਤੇਦਾਰ ਅਰਵਿੰਦ ਖੰਨਾ ਵੀ ਹੋ ਸਕਦੇ ਭਾਜਪਾ ’ਚ ਸ਼ਾਮਲ

0
54

ਚੰਡੀਗਡ਼੍ਹ (tlt) ਅਗਲੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜਿੱਥੇ ਸਿਆਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ, ਉਥੇ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਨੇ ਜੋਡ਼-ਤੋਡ਼ ਕਰਦਿਆਂ ਆਪਣੀਆਂ ਸਿਆਸੀ ਗੋਟੀਆਂ ਫਿੱਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਨੂੰ ਅਲਵਿਦਾ ਕਹਿਣ ਅਤੇ ਭਾਜਪਾ ਨਾਲ ਸਿਆਸੀ ਗਠਜੋਡ਼ ਕਰਨ ਤੋਂ ਬਾਅਦ ਕਾਂਗਰਸੀ ਆਗੂ ਭਾਜਪਾ ’ਚ ਸ਼ਾਮਲ ਹੋਣ ਲੱਗੇ ਹਨ। ਸੱਤਾ ਦੇ ਗਲਿਆਰਿਆਂ ਵਿਚ ਚਰਚਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਅਤਿ ਨਜ਼ਦੀਕੀ ਰਿਸ਼ਤੇਦਾਰ ਸਾਬਕਾ ਵਿਧਾਇਕ ਅਰਵਿੰਦ ਖੰਨਾ ਆਉਂਦੇ ਦਿਨਾਂ ’ਚ ਭਾਜਪਾ ’ਚ ਸ਼ਾਮਲ ਹੋਣਗੇ।

ਦੱਸਿਆ ਜਾਂਦਾ ਹੈ ਕਿ ਅਰਵਿੰਦ ਖੰਨਾ ਨੂੰ ਭਾਜਪਾ ਵਿਚ ਸ਼ਾਮਲ ਹੋਣ ’ਤੇ ਧੂਰੀ ਵਿਧਾਨ ਸਭਾ ਹਲਕੇ ਤੋ ਚੋਣ ਲਡ਼ਾਈ ਜਾਵੇਗੀ। ਖੰਨਾ ਪਹਿਲਾਂ ਵੀ ਧੂਰੀ ਤੋ ਵਿਧਾਇਕ ਰਹਿ ਚੁੱਕੇ ਹਨ ਪਰ ਉਨ੍ਹਾਂ ਆਪਣੇ ਵਪਾਰ ਨੂੰ ਤਰਜੀਹ ਦਿੰਦੇ ਹੋਏ ਸਿਆਸਤ ਤੋ ਕਿਨਾਰਾ ਕਰ ਲਿਆ ਸੀ। ਉਨ੍ਹਾਂ ਵੱਲੋਂ ਇਕ ਸਮਾਜ ਸੇਵੀ ਸੰਸਥਾਂ ਵੀ ਚਲਾਈ ਜਾ ਰਹੀ ਹੈ। ਦੂਜੇ ਪਾਸੇ ਇਹ ਵੀ ਚਰਚਾ ਹੈ ਕਿ ਅਰਵਿੰਦ ਖੰਨਾ, ਆਮ ਆਦਮੀ ਪਾਰਟੀ ਵੱਲੋਂ ਧੂਰੀ ਹਲਕੇ ਤੋ ਉਮੀਦਵਾਰ ਐਲਾਨਣ ਦਾ ਇੰਤਜ਼ਾਰ ਕਰ ਰਹੇ ਹਨ। ਆਪ ਹਾਈ ਕਮਾਂਡ ਅਜੇ ਤੱਕ ਇਹ ਫੈਸਲਾ ਨਹੀਂ ਕਰ ਸਕੀ ਕਿ ਭਗਵੰਤ ਮਾਨ ਨੂੰ ਧੂਰੀ ਜਾਂ ਮੌਡ਼ ਮੰਡੀ ਵਿਚੋਂ ਕਿਸ ਹਲਕੇ ਤੋ ਚੋਣ ਮੈਦਾਨ ਵਿਚ ਉਤਾਰਿਆ ਜਾਵੇ।

ਸੰਗਰੂਰ ਜ਼ਿਲ੍ਹੇ ਵਿਚ ਆਪ ਦਾ ਚੰਗਾ ਆਧਾਰ ਹੈ ਅਤੇ ਭਗਵੰਤ ਮਾਨ ਦੋ ਵਾਰ ਸੰਸਦ ਮੈਂਬਰ ਚੁਣੇ ਗਏ ਹਨ। ਪਹਿਲਾਂ ਭਗਵੰਤ ਮਾਨ ਨੂੰ ਸੰਗਰੂਰ ਤੋਂ ਚੋਣ ਲਡ਼ਾਉਣ ਦੇ ਚਰਚੇ ਸਨ ਪਰ ਆਪ ਨੇ ਇਸ ਹਲਕੇ ਤੋਂ ਨਰਿੰਦਰ ਕੌਰ ਭਾਰਜ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਸੂਤਰ ਦੱਸਦੇ ਹਨ ਕਿ ਭਗਵੰਤ ਮਾਨ ਖੁਦ ਧੂਰੀ ਤੋਂ ਹੀ ਚੋਣ ਲਡ਼ਨ ਦੇ ਇਛੁੱਕ ਹਨ।

ਯਾਦ ਰਹੇ ਕਿ ਇਸ ਤੋ ਪਹਿਲਾਂ ਕੈਪਟਨ ਦੇ ਨਜ਼ਦੀਕੀ ਤਿੰਨ ਵਿਧਾਇਕ ਗੁਰਮੀਤ ਸਿੰਘ ਸੋਢੀ (ਸਾਬਕਾ ਮੰਤਰੀ), ਫ਼ਤਹਿਜੰਗ ਸਿੰਘ ਬਾਜਵਾ ਤੇ ਬਲਵਿੰਦਰ ਸਿੰਘ ਲਾਡੀ ਭਾਜਪਾ ’ਚ ਸ਼ਾਮਲ ਹੋ ਚੁੱਕੇ ਹਨ। ਕੈਪਟਨ ਪਹਿਲਾਂ ਹੀ ਆਖ ਚੁੱਕੇ ਹਨ ਕਿ ਚੋਣ ਜ਼ਾਬਤਾ ਲੱਗਣ ਦਿਓ ਕਈ ਹੋਰ ਨੇਤਾ ਕਾਂਗਰਸ ਛੱਡ ਜਾਣਗੇ। ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਕੈਪਟਨ ਨਜ਼ਦੀਕੀ ਭਾਜਪਾ ਜਾਂ ਪੰਜਾਬ ਲੋਕ ਕਾਂਗਰਸ ਵਿਚੋਂ ਕਿਸ ਪਾਰਟੀ ’ਚ ਸ਼ਾਮਲ ਹੋਣ ਨੂੰ ਤਰਜ਼ੀਹ ਦਿੰਦੇ ਹਨ।