ਆਮ ਆਦਮੀ ਪਾਰਟੀ ਨੇ ਨਵਜੋਤ ਸਿੱਧੂ ਨੂੰ ਦਿੱਤੀ ਚੁਣੌਤੀ, ਪੁਲਿਸ ਦਾ ਸਨਮਾਨ ਨਹੀਂ ਕਰ ਸਕਦੇ ਤਾਂ ਛੱਡ ਦਿਉ ਸੁਰੱਖਿਆ ਕਵਚ

0
42

ਚੰਡੀਗੜ੍ਹ (TLT) ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਇਕ ਪ੍ਰੋਗਰਾਮ ਦੌਰਾਨ ਪੰਜਾਬ ਪੁਲਿਸ ਅਧਿਕਾਰੀਆਂ ‘ਤੇ ਕੀਤੀ ਗਈ ਟਿੱਪਣੀ ਨੂੰ ਸ਼ਰਮਨਾਕ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਪੰਜਾਬ ਪੁਲਿਸ ਨੂੰ ਜ਼ਲੀਲ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਵੱਲੋਂ ਇਕ ਜਨਤਕ ਪ੍ਰੋਗਰਾਮ ‘ਚ ‘ਪੈਂਟ ਗਿੱਲੀ’ ਪੰਜਾਬ ਪੁਲਿਸ ਦੇ ਅਧਿਕਾਰੀਆਂ ਬਾਰੇ ਦਿੱਤਾ ਗਿਆ ਬਿਆਨ ਮਾਫ਼ੀ ਲਾਇਕ ਨਹੀਂ ਹੈ। ਉਨ੍ਹਾਂ ਦੇ ਗੈਰ-ਜ਼ਿੰਮੇਵਾਰਾਨਾ ਬਿਆਨ ਦੀ ਪਾਰਟੀ ਨੇ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ।

ਰਾਘਵ ਚੱਢਾ ਨੇ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਕਿ ਇਹ ਉਹੀ ਅਧਿਕਾਰੀ ਹਨ ਜੋ ਉਨ੍ਹਾਂ ਦੀ ਸੁਰੱਖਿਆ ਲਈ ਦਿਨ-ਰਾਤ ਡਿਊਟੀ ‘ਤੇ ਤਾਇਨਾਤ ਰਹਿੰਦੇ ਹਨ। ਉਨ੍ਹਾਂ ਨਵਜੋਤ ਸਿੰਘ ਸਿੱਧੂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਪੰਜਾਬ ਪੁਲਿਸ ਦੇ ਅਧਿਕਾਰੀਆਂ ਪ੍ਰਤੀ ਅਜਿਹੀ ਸੋਚ ਹੈ ਤਾਂ ਉਹ ਪੰਜਾਬ ਪੁਲਿਸ ਦੀ ਸੁਰੱਖਿਆ ਵਾਪਸ ਕਰ ਦੇਣ। ਉਨ੍ਹਾਂ ਕਿਹਾ ਕਿ ਉਹ ਬਿਨਾਂ ਸੁਰੱਖਿਆ ਦੇ ਘੁੰਮ ਕੇ ਇਕ ਦਿਨ ਹੀ ਦਿਖਾ ਦੇਣ, ਕੋਈ ਉਨ੍ਹਾਂ ਨੂੰ ਸਲਾਮ ਵੀ ਨਹੀਂ ਠੋਕੇਗਾ।