ਬੈਂਕ ਅਧਿਕਾਰੀ ਸ਼ੱਕੀ ਲੈਣ ਦੇਣ ਬਾਰੇ ਆਮਦਨ ਕਰ ਵਿਭਾਗ ਨੂੰ ਤੁਰੰਤ ਸੂਚਨਾ ਦੇਣ-ਡਿਪਟੀ ਕਮਿਸ਼ਨਰ

0
47

ਵਿਧਾਨ ਸਭਾ ਚੋਣਾਂ 2022 ਸਬੰਧੀ ਬੈਂਕਾਂ, ਡਾਕ ਵਿਭਾਗ, ਆਮਦਨ ਕਰ ਤੇ ਰੇਲਵੇ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ

ਕਪੂਰਥਲਾ (TLT) ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣ ਅਫਸਰ ਦੀਪਤੀ ਉੱਪਲ ਵਲੋਂ ਅੱਜ ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਸਮੂਹ ਬੈਂਕਾਂ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਵੋਟਾਂ ਦੌਰਾਨ ਪੈਸੇ ਦੀ ਦੁਰਵਰਤੋਂ ਰੋਕਣ ਲਈ ਸ਼ੱਕੀ ਲੈਣ ਦੇਣ ਬਾਰੇ ਤੁਰੰਤ ਆਮਦਨ ਕਰ ਵਿਭਾਗ ਨੂੰ ਸੂਚਿਤ ਕਰਨ। 

ਅੱਜ ਇੱਥੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਿਲ੍ਹੇ ਦੇ 20 ਤੋਂ ਜਿਆਦਾ ਬੈਂਕਾਂ ਦੇ ਅਧਿਕਾਰੀਆਂ, ਆਮਦਨ ਕਰ, ਡਾਕ ਵਿਭਾਗ , ਐਕਸਾਇਜ ਤੇ ਰੇਲਵੇ ਸਮੇਤ ਪੰਜਾਬ ਦੇ ਅਹਿਮ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਜਿਲ੍ਹਾ ਚੋਣ ਅਫਸਰ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਬੈਂਕਾਂ ਰਾਹੀਂ 10 ਲੱਖ ਰੁਪੈ ਤੋਂ ਵੱਧ ਦੇ ਲੈਣ-ਦੇਣ ਬਾਰੇ ਜਾਣਕਾਰੀ ਸਾਂਝੀ ਕਰਨੀ ਲਾਜਮੀ ਹੈ, ਜਿਸ ਲਈ ਜਿਲ੍ਹਾ ਲੀਡ ਮੈਨੇਜ਼ਰ ਬਤੌਰ ਨੋਡਲ ਅਫਸਰ ਇਸ ਸਬੰਧੀ ਸਮੇਂ ਸਿਰ ਜਾਣਕਾਰੀ ਉਪਲਬਧ ਕਰਵਾਉਣਾ ਯਕੀਨੀ ਬਣਾਉਣਗੇ। 

ਉਨਾਂ ਕਪੂਰਥਲਾ, ਭੁਲੱਥ, ਫਗਵਾੜਾ ਤੇ ਸੁਲਤਾਨਪੁਰ ਲੋਧੀ ਦੇ ਰਿਟਰਨਿੰਗ ਅਫਸਰਾਂ ਨੂੰ ਕਿਹਾ ਕਿ ਉਹ ਸਬ ਡਵੀਜ਼ਨ ਪੱਧਰ ’ਤੇ ਵੀ ਬੈਂਕਾਂ ਦੇ ਮੈਨੇਜ਼ਰਾਂ ਨਾਲ ਮੀਟਿੰਗ ਕਰਕੇ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਲਾਗੂ ਕਰਨਾ ਯਕੀਨੀ ਬਣਾਉਣ। 

ਉਨ੍ਹਾਂ ਪੋਸਟਲ ਵਿਭਾਗ ਨੂੰ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦੀ ਸੁਵਿਧਾ ਬਾਰੇ ਅਗਾਊਂ ਤੌਰ ’ਤੇ ਪੁਖਤਾ ਪ੍ਰਬੰਧ ਕਰਨ ਦੇ ਵੀ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਰੇਲਵੇ ਦੇ ਅਧਿਕਾਰੀਆਂ ਨੂੰ ਰੇਲ ਕੋਚ ਫੈਕਟਰੀ ਤੇ ਫਗਵਾੜਾ ਰੇਲਵੇ ਸਟੇਸ਼ਨ ਉੱਪਰ ਸਮਾਨ ਦੀ ਢੋਆ ਢੁਆਈ ਬਾਰੇ ਵੀ ਪੂਰੀ ਚੌਕਸੀ ਵਰਤਣ ਦੇ ਨਿਰਦੇਸ਼ ਦਿੱਤੇ ਗਏ। 

ਜਿਲ੍ਹਾ ਚੋਣ ਅਫਸਰ ਨੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਤੁਰੰਤ ਪ੍ਰਭਾਵ ਨਾਲ  ਨਜਾਇਜ਼ ਸ਼ਰਾਬ ਦੀ ਤਸਕਰੀ ਨੂੰ ਰੋਕਣ ਲਈ ਵਿਸ਼ੇਸ਼ ਨਾਕਾਬੰਦੀ ਕਰਨ ਅਤੇ ਇਸ ਲਈ ਪੁਲਿਸ ਨਾਲ ਸਾਂਝੀਆਂ ਟੀਮਾਂ ਦਾ ਗਠਨ ਕੀਤਾ ਜਾਵੇ। 

ਸਮੂਹ ਐਸ.ਡੀ.ਐਮਜ਼ ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ ਸਿਆਸੀ ਰੈਲੀਆਂ ਲਈ ਥਾਵਾਂ ਨਿਰਧਾਰਿਤ ਕਰਨ ਦੀ ਪ੍ਰਕਿ੍ਰਆ ਤੁਰੰਤ ਮੁਕੰਮਲ ਕਰਨ। ਉਨ੍ਹਾਂ ਸਵੀਪ ਗਤੀਵਿਧੀਆਂ ਤਹਿਤ ਨੌਜਵਾਨਾਂ ਦੀ ਵੋਟਰ ਵਜੋਂ ਰਜਿਸਟ੍ਰੇਸ਼ਨ ਲਈ ਮੁਹਿੰਮ ਨੂੰ ਹੋਰ ਤੇਜ ਕਰਨ ਦੇ ਨਿਰਦੇਸ਼ ਦਿੱਤੇ ਜਿਸ ਤਹਿਤ ਸਿੱਖਿਆ ਸੰਸਥਾਵਾਂ ਦੇ ਨਾਲ-ਨਾਲ ਆਈਲੈਟਸ ਸੈਂਟਰਾਂ ਵਿਖੇ ਵੀ ਕੈਂਪ ਲਾਉਣ ਲਈ ਕਿਹਾ ਗਿਆ। 

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਅਦਿੱਤਿਆ ਉੱਪਲ, ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਅਨੁਪਮ ਕਲੇਰ, ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਚਰਨਦੀਪ ਸਿੰਘ, ਐਸ.ਡੀ.ਐਮ. ਕਪੂਰਥਲਾ ਡਾ ਜੈਇੰਦਰ ਸਿੰਘ, ਐਸ.ਡੀ.ਐਮ. ਭੁਲੱਥ ਸ਼ਾਇਰੀ ਮਲਹੋਤਰਾ, ਐਸ.ਡੀ.ਐਮ. ਫਗਵਾੜਾ ਕੁਲਪ੍ਰੀਤ ਸਿੰਘ ਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।