ਚਟੋਪਾਧਿਆਏ ਹੋ ਸਕਦੇ ਹਨ ਬਾਹਰ, ਯੂਪੀਐੱਸਸੀ ਦਾ ਡੀਜੀਪੀ ਦੇ ਪੈਨਲ ਲਈ ਕੱਟ ਆਫ ਡੇਟ 30 ਸਤੰਬਰ ਮੰਨਣ ਤੋਂ ਇਨਕਾਰ

0
99

ਚੰਡੀਗਡ਼੍ਹ ,24 ਦਸੰਬਰ (TLT) ਯੂਨੀਅਨ ਪਬਲਿਕ ਸਰਵਿਸ ਕਮਿਸ਼ਨਰ (ਯੂਪੀਐੱਸਸੀ) ਨੇ ਪੰਜਾਬ ’ਚ ਰੈਗੂਲਰ ਡੀਜੀਪੀ ਲਗਾਉਣ ਲਈ ਬਣਾਏ ਜਾਣ ਵਾਲੇ ਪੈਨਲ ਲਈ ਕੱਟ ਆਫ਼ ਡੇਟ 30 ਸਤੰਬਰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਪੰਜਾਬ ਸਰਕਾਰ ਨੂੰ ਭੇਜੇ ਗਏ ਪੱਤਰ ’ਚ ਕਮਿਸ਼ਨ ਨੇ ਸਾਫ਼ ਕਰ ਦਿੱਤਾ ਹੈ ਕਿ ਕੱਟ ਆਫ ਡੇਟ 5 ਅਕਤੂਬਰ ਹੀ ਰਹੇਗੀ, ਜਿਸ ’ਤੇ ਯੂਪੀਐੱਸਸੀ ਤੇ ਪੰਜਾਬ ਸਰਕਾਰ ’ਚ ਪਹਿਲਾਂ ਸਹਿਮਤੀ ਹੋ ਚੁੱਕੀ ਹੈ। ਯੂਪੀਐੱਸਸੀ ਨੇ ਆਪਣੇ ਪੱਤਰ ’ਚ ਸੂਬਾ ਸਰਕਾਰ ਨੂੰ ਕਿਹਾ ਕਿ ਉਨ੍ਹਾਂ ਨੇ 18 ਦਸੰਬਰ ਨੂੰ ਜਿਹਡ਼ਾ ਪੱਤਰ ਲਿਖਿਆ ਹੈ, ਜਿਸ ਵਿਚ ਕੱਟ ਆਫ਼ ਡੇਟ 30 ਸਤੰਬਰ ਰੱਖਣ ਦੀ ਮੰਗ ਕੀਤੀ ਹੈ ਪਰ ਕਮਿਸ਼ਨ ਨੇ ਵਿਚਾਰ ਕੀਤਾ ਤੇ ਪਾਇਆ ਕਿ ਸਬੰਧਤ ਦਿਨ ਡੀਜੀਪੀ ਦਾ ਅਹੁਦਾ ਖਾਲੀ ਨਹੀਂ ਸੀ।

ਉਨ੍ਹਾਂ ਕਿਹਾ ਕਿ ਡੀਜੀਪੀ ਦਿਨਕਰ ਗੁਪਤਾ ਨੇ ਆਪਣਾ ਅਹੁਦਾ 5 ਅਕਤੂਬਰ ਨੂੰ ਛੱਡਿਆ ਸੀ ਨਾ ਕਿ 30 ਸਤੰਬਰ ਨੂੰ। ਅਜਿਹੇ ’ਚ 30 ਸਤੰਬਰ ਨੂੰ ਤਾਂ ਇਹ ਪੋਸਟ ਖਾਲੀ ਹੀ ਨਹੀਂ ਸੀ। ਕਮਿਸ਼ਨ ਨੇ ਆਪਣੇ ਪੱਤਰ ’ਚ ਕਿਹਾ ਕਿ ਸਰਕਾਰ ਨੇ 18 ਦਸੰਬਰ ਨੂੰ ਜਿਹਡ਼ਾ ਪੱਤਰ ਸਾਨੂੰ ਲਿਖਿਆ ਹੈ, ਉਸ ਵਿਚ ਕੋਈ ਵੀ ਨਵਾਂ ਤੱਥ ਨਹੀਂ ਹੈ। ਇਸ ਲਈ ਕਮਿਸ਼ਨ ਡੀਜੀਪੀ ਦੇ ਅਹੁਦੇ ਨੂੰ 5 ਅਕਤੂਬਰ ਤੋਂ ਹੀ ਖਾਲੀ ਮੰਨ ਕੇ ਇੰਪੈਨਲਮੈਂਟ ਕਮੇਟੀ ਦੀ ਮੀਟਿਗ ਰੱਖੇਗਾ। ਜੇਕਰ ਸੂਬਾ ਸਰਕਾਰ ਨੂੰ ਇਸ ’ਤੇ ਕੋਈ ਨਵਾਂ ਤੱਥ ਦੇਣਾ ਹੈ ਤਾਂ ਉਹ ਦੇ ਸਕਦੇ ਹਨ।