ਵਿਆਹ ਦੇ ਛੇ ਮਹੀਨਿਆਂ ਬਾਅਦ ਪਤੀ ਦੇ 35 ਲੱਖ ਲਗਵਾ ਕੇ ਪੁੱਜੀ ਆਸਟ੍ਰੇਲੀਆ, ਸੰਪਰਕ ਕਰਨਾ ਕੀਤਾ ਬੰਦ

0
54

ਲੁਧਿਆਣਾ (TLT) ਗਿਆਸਪੁਰਾ ਦੇ ਰਹਿਣ ਵਾਲੇ ਨੌਜਵਾਨ ਨਾਲ ਵਿਆਹ ਕਰਵਾਉਣ ਦੇ ਛੇ ਮਹੀਨੇ ਬਾਅਦ ਵਿਆਹੁਤਾ ਉਸ ਦੇ 35 ਲੱਖ ਰੁਪਏ ਲਗਵਾ ਕੇ ਆਸਟ੍ਰੇਲੀਆ ਚਲੀ ਗਈ । ਵਿਦੇਸ਼ ਜਾਣ ਤੋਂ ਬਾਅਦ ਉਸ ਨੇ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਸੰਪਰਕ ਕਰਨਾ ਬੰਦ ਕਰ ਦਿੱਤਾ ।ਡੇਢ ਸਾਲ ਬਾਅਦ ਵੀ ਜਦ ਵਿਆਹੁਤਾ ਨਾਲ ਸੰਪਰਕ ਨਾ ਹੋਇਆ ਤਾਂ ਉਸ ਦੇ ਪਤੀ ਨੇ 26 ਜੂਨ ਨੂੰ ਹੀ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ।ਇਸ ਮਾਮਲੇ ਵਿੱਚ ਕਈ ਮਹੀਨਿਆਂ ਦੀ ਪੜਤਾਲ ਤੋਂ ਬਾਅਦ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਢੰਡਾਰੀ ਕਲਾਂ ਦੀ ਰਹਿਣ ਵਾਲੀ ਅਮਨਜੀਤ ਕੌਰ ,ਉਸ ਦੀ ਮਾਤਾ ਸੱਤਿਆ ਅਤੇ ਭਰਾ ਅਵਤਾਰ ਸਿੰਘ ਦੇ ਖ਼ਿਲਾਫ਼ ਧੋਖਾਧੜੀ ਤੇ ਅਪਰਾਧਕ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਐਫਆਈਆਰ ਦਰਜ ਕਰ ਲਈ ਹੈ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਗਿਆਸਪੁਰਾ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਰੇ ਮੁਲਜ਼ਮਾਂ ਨੇ ਆਪਸ ਵਿਚ ਹਮ ਮਸ਼ਵਰਾ ਹੋ ਕੇ ਧੋਖਾਧੜੀ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਸ ਨੇ ਦੱਸਿਆ ਕਿ 1 ਜੁਲਾਈ 2018 ਨੂੰ ਉਸ ਦਾ ਵਿਆਹ ਅਮਨਜੋਤ ਕੌਰ ਨਾਲ ਹੋਇਆ । ਵਿਆਹ ਤੋਂ ਬਾਅਦ ਅਮਨਜੋਤ ਕੌਰ ਸਾਰੇ ਪਰਿਵਾਰ ਨਾਲ ਘੁਲ ਮਿਲ ਗਈ ।ਇਸੇ ਦੌਰਾਨ ਉਸ ਨੇ ਹਰਪ੍ਰੀਤ ਸਿੰਘ ਦੇ ਪਿਤਾ ਰਘਬੀਰ ਸਿੰਘ ਨੂੰ ਇਹ ਆਖਿਆ ਕਿ ਉਹ ਵਿਦੇਸ਼ ਜਾਣਾ ਚਾਹੁੰਦੀ ਹੈ ਅਤੇ ਕੁਝ ਸਮੇਂ ਬਾਅਦ ਹੀ ਉਹ ਹਰਪ੍ਰੀਤ ਨੂੰ ਵੀ ਬੁਲਾ ਲਵੇਗੀ । 31 ਜਨਵਰੀ 2019 ਨੂੰ ਵਿਦੇਸ਼ ਜਾਣ ਤੋਂ ਬਾਅਦ ਉਸ ਨੇ ਆਪਣੇ ਸਹੁਰੇ ਪਰਿਵਾਰ ਦੇ ਮੈਂਬਰਾਂ ਨਾਲ ਸੰਪਰਕ ਕਰਨਾ ਬੰਦ ਕਰ ਦਿੱਤਾ । ਡੇਢ ਸਾਲ ਤਕ ਅਮਨਜੋਤ ਕੌਰ ਦੀ ਉੱਘ ਸੁੱਘ ਨਾ ਲੱਗੀ । ਇਸ ਸਬੰਧੀ ਹਰਪ੍ਰੀਤ ਸਿੰਘ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ।ਛੇ ਮਹੀਨੇ ਤੱਕ ਚੱਲੀ ਜਾਂਚ ਤੋਂ ਬਾਅਦ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।ਜਾਂਚ ਅਧਿਕਾਰੀ ਏਐਸਆਈ ਪ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ।