ਸਿੱਖਿਆ ਮੰਤਰੀ ਨੇ ਸੁਖਚੈਨ ਪਿੰਡ ਵਿਚ 15.38 ਕਰੋੜ ਨਾਲ ਬਣਨ ਵਾਲੇ ਸਰਕਾਰੀ ਡਿਗਰੀ ਕਾਲਜ ਦਾ ਨੀਂਹ ਪੱਥਰ ਰੱਖਿਆ

0
43

-ਪੰਜਾਬ ਦੇ ਉਜਵਲ ਭਵਿੱਖ ਲਈ ਨਿਰੋਈ ਸੋਚ ਤੇ ਨਿਰੋਈ ਸਿਹਤ ਜਰੂਰੀ-ਪਰਗਟ ਸਿੰਘ
-ਪੰਜਾਬ ਸਰਕਾਰ ਨੇ 17 ਡਿਗਰੀ ਕਾਲਜ ਸਥਾਪਿਤ ਕੀਤੇ
-ਬੱਲੂਆਣਾ ਹਲਕੇ ਵਿਚ ਪੰਜਾਬ ਸਰਕਾਰ ਨੇ ਅਪਗ੍ਰੇਡ ਕੀਤੇ 8 ਸਕੂਲ-ਵਿਧਾਇਕ ਨੱਥੂ ਰਾਮ


ਸੀਤੋਗੁਨੋ, ਫਾਜਿ਼ਲਕਾ (TLT) ਪੰਜਾਬ ਦੇ ਸਿੱਖਿਆ ਮੰਤਰੀ ਸ: ਪਰਗਟ ਸਿੰਘ ਨੇ ਅੱਜ ਬੱਲੂਆਣਾ ਹਲਕੇ ਵਿਚ ਪਿੰਡ ਸੁਖਚੈਨ ਵਿਖੇ ਬਣਨ ਵਾਲੇ ਨਵੇਂ ਸਰਕਾਰੀ ਡਿਗਰੀ ਕਾਲਜ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਵਿਸੇਸ਼ ਤੌਰ ਤੇ ਹਲਕਾ ਵਿਧਾਇਕ ਸ੍ਰੀ ਨੱਥੂ ਰਾਮ ਵੀ ਉਨ੍ਹਾਂ ਦੇ ਨਾਲ ਹਾਜਰ ਸਨ।
ਇਸ ਮੌਕੇ ਬੋਲਦਿਆਂ ਸਿੱਖਿਆ ਮੰਤਰੀ ਸ: ਪਰਗਟ ਸਿੰਘ ਨੇ ਦੱਸਿਆ ਕਿ ਇਸ ਕਾਲਜ ਦੇ ਨਿਰਮਾਣ ਤੇ 15.38 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ 10 ਏਕੜ ਵਿਚ ਬਣਨ ਵਾਲੇ ਇਸ ਕਾਲਜ ਦੀ ਇਮਾਰਤ 1 ਸਾਲ ਵਿਚ ਬਣ ਕੇ ਤਿਆਰ ਹੋ ਜਾਵੇਗੀ। ਹਾਲਾਂਕਿ ਆਰਜੀ ਤੌਰ ਤੇ ਇਸ ਕਾਲਜ ਦੀਆਂ ਕਲਾਸਾਂ ਚਾਲੂ ਵਿਦਿਅਕ ਸੈਸ਼ਨ ਤੋਂ ਸ਼ੁਰੂ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਇੱਥੇ ਖੇਡ ਸਟੇਡੀਅਮ ਬਣਾਉਣ ਦਾ ਐਲਾਨ ਵੀ ਕੀਤਾ।
ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਉਜਵਲ ਭਵਿੱਖ ਲਈ ਨਿਰੋਈ ਸੋਚ ਤੇ ਨਿਰੋਈ ਸਿਹਤ ਜਰੂਰੀ ਹੈ। ਇਸੇ ਲਈ ਉਚੇਰੀ ਸਿੱਖਿਆ ਨੂੰ ਉਤਸਾਹਿਤ ਕਰਨ ਲਈ 17 ਕਾਲਜ ਸਥਾਪਿਤ ਕੀਤੇ ਗਏ ਜਦ ਕਿ ਕਾਲਜਾਂ ਵਿਚ ਸਹਾਇਕ ਪ੍ਰੋਫੈਸਰਾਂ ਦੀਆਂ ਪੋਸਟਾਂ ਵੀ ਢਾਈ ਦਹਾਕੇ ਬਾਅਦ ਭਰੀਆਂ ਗਈਆਂ ਹਨ। ਇੰਨ੍ਹਾਂ ਕਾਲਜਾਂ ਵਿਚ ਕਿੱਤਾਮੁੱਖੀ ਕੋਰਸ ਸ਼ੁਰੂ ਕੀਤੇ ਜਾਣਗੇ ਕਿਉਂਕਿ ਪੜਾਈ ਤਦ ਹੀ ਸਾਰਥਕ ਹੈ ਜਦ ਪੜਾਈ ਪੂਰੀ ਕਰਨ ਤੋਂ ਬਾਅਦ ਨੌਜਵਾਨ ਰੋਜਗਾਰ ਪ੍ਰਾਪਤੀ ਦੇ ਯੋਗ ਹੋ ਸਕਨ।
ਸ: ਪਰਗਟ ਸਿੰਘ ਨੇ ਕਿਹਾ ਕਿ ਸਾਨੂੰ ਇਕਜੁਟ ਹੋ ਕੇ ਪੰਜਾਬ ਦੀ ਬਿਹਤਰੀ ਲਈ ਕੰਮ ਕਰਨ ਦੀ ਜਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਅਸਲ ਵਿਚ ਲੋਕਾਂ ਦੀ ਸਰਕਾਰ ਹੈ।
ਇਸ ਤੋਂ ਪਹਿਲਾਂ ਬੋਲਦਿਆਂ ਹਲਕਾ ਵਿਧਾਇਕ ਸ੍ਰੀ ਨੱਥੂ ਰਾਮ ਨੇ ਕਿਹਾ ਕਿ ਸੂਬਾ ਸਰਕਾਰ ਨੇ ਹਲਕੇ ਦੇ 8 ਸਕੂਲਾਂ ਨੂੰ ਅਪਗ੍ਰੇਡ ਕੀਤਾ ਹੈ ਜਦ ਕਿ ਇਲਾਕੇ ਦੇ ਵਿਕਾਸ ਲਈ ਸੂੁਬਾ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਸਰਕਾਰੀ ਕਾਲਜ ਦੀ ਸਥਾਪਨਾ ਲਈ ਸਿੱਖਿਆ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਕਾਲਜ ਨਾਲ ਇਲਾਕੇ ਵਿਚ ਸਿੱਖਿਆ ਦਾ ਪੱਧਰ ਉਚਾ ਹੋਵੇਗਾ ਅਤੇ ਸਾਡੇ ਨੌਜਵਾਨ ਚੰਗਾ ਭਵਿੱਖ ਬਣਾ ਸਕਨਗੇ।
ਇਸ ਤੋਂ ਪਹਿਲਾਂ ਸ੍ਰੀ ਸੰਦੀਪ ਜਾਖੜ ਨੇ ਵੀ ਸੰਬੋਧਨ ਕੀਤਾ।
ਇਸ ਮੌੇਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸ: ਸੁਰਜੀਤ ਸਿੰਘ ਧੀਮਾਨ, ਸ: ਰਮਨਜੀਤ ਸਿੰਘ ਕਿੱਕੀ, ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ, ਐਸਡੀਐਮ ਸ੍ਰੀ ਅਮਿਤ ਗੁਪਤਾ, ਸ੍ਰੀ ਦੀਪਕ ਕੁਮਾਰ, ਸ: ਉਪਕਾਰ ਸਿੰਘ ਡੀਪੀਆਈ ਕਾਲਜਾਂ, ਕਾਰਜਕਾਰੀ ਇੰਜਨੀਅਰ ਪੰਚਾਇਤੀ ਰਾਜ ਵਿਭਗਾ ਸ੍ਰੀ ਰਾਜੇਸ ਗਰੋਵਰ, ਰਵਿੰਦਰ ਡੇਲੂ, ਮਨੋਜ਼ ਗੋਦਾਰਾ, ਜ਼ਯੋਤੀ ਪ੍ਰਕਾਸ਼, ਮਨਫੂਲ ਕੰਬੋਜ ਆਦਿ ਵੀ ਹਾਜਰ ਸਨ।