ਅਧਿਆਪਕਾਂ ਨੇ HMV ਚੌਕ ‘ਚ ਸਰਕਾਰ ਵੱਲੋਂ ਬੰਦ ਕੀਤੇ ਭੱਤਿਆਂ ਦੀਆਂ ਕਾਪੀਆਂ ਸਾੜ ਕੇ ਕੀਤਾ ਪ੍ਰਦਰਸ਼ਨ

0
41

ਜਲੰਧਰ (ਰਮੇਸ਼ ਗਾਬਾ) ਸਾਂਝੇ ਅਧਿਆਪਕ ਮੋਰਚੇ ਪੰਜਾਬ ਦੇ ਸੱਦੇ ‘ਤੇ ਜਲੰਧਰ ਤਹਿਸੀਲ ਦੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੇ ਐੱਚਐੱਮਵੀ ਕਾਲਜ ਚੌਕ ਬਾਹਰ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਕੀਤੇ ਪੇਂਡੂ ਭੱਤੇ ਤੇ ਬਾਰਡਰ ਏਰੀਆ ਭੱਤੇ ਸਮੇਤ ਕਈ ਪ੍ਰਕਾਰ ਦੇ ਹੋਰ ਭੱਤੇ ਬੰਦ ਕਰਨ ਦੇ ਵਿਰੋਧ ‘ਚ ਅੱਜ ਇਨ੍ਹਾਂ ਪੱਤਰਾਂ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਜਰਨਲ ਸਕੱਤਰ ਗਣੇਸ਼ ਭਗਤ ਤੇ ਪ੍ਰੈਸ ਸਕੱਤਰ ਰਗਜੀਤ ਸਿੰਘ ਨੇ ਕਿਹਾ ਕਿ ਸਰਕਾਰ ਕਈ ਤਰ੍ਹਾਂ ਦੇ ਨਵੇਂ-ਨਵੇਂ ਐਲਾਨ ਕਰਕੇ ਲੋਕਾਂ ਅੰਦਰ ਭੰਬਲਭੂਸਾ ਪੈਦਾ ਕਰ ਰਹੀ ਹੈ।

ਪੰਜਾਬ ਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਹੈ ਸਗੋਂ ਮਾਣ ਭੱਤੇ ‘ਤੇ ਕੰਮ ਕਰਦੀਆਂ ਮਿਡ-ਡੇਅ-ਮੀਲ ਵਰਕਰਾਂ ਆਂਗਣਵਾੜੀ ਆਸ਼ਾ ਵਰਕਰਾਂ ਸਮੇਤ ਵੱਖ-ਵੱਖ ਭਾਗਾਂ ਦੇ ਮੁਲਾਜ਼ਮਾਂ ਨੂੰ ਨਿਗੂਣਾ ਜਿਹਾ ਭੱਤਾ ਦੇ ਕੇ ਹੀ ਉਨ੍ਹਾਂ ਦਾ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਮੁਲਾਜ਼ਮਾਂ ਨੂੰ ਨਵੇਂ ਤਨਖ਼ਾਹ ਕਮਿਸ਼ਨ ‘ਤੇ ਵੱਡੀਆਂ ਆਸਾਂ ਸਨ, ਹੁਣ ਉਨ੍ਹਾਂ ਨੂੰ ਨਵੀਆਂ ਸਹੂਲਤਾਂ ਦੇਣ ਦੀ ਬਜਾਏ ਪਹਿਲੀਆਂ ਮਿਲਦੀਆਂ ਸਹੂਲਤਾਂ ‘ਤੇ ਵੀ ਜ਼ਬਰਦਸਤ ਕੱਟ ਲਾਇਆ ਜਾ ਰਿਹਾ ਹੈ। ਕੱਚੇ ਅਧਿਆਪਕਾਂ ਨੂੰ ਪੱਕਾ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ ਅਤੇ ਤਨਖਾਹ ਕਮਿਸ਼ਨ ਦੀਆਂ ਕੀਤੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਤੋਂ ਵੀ ਪਾਸਾ ਵੱਟਿਆ ਜਾ ਰਿਹਾ ਹੈ।

ਪੰਜਾਬ ਸਰਕਾਰ ਦਾ ਮੁਲਾਜ਼ਮਾਂ ਪ੍ਰਤੀ ਇਹ ਰਵੱਈਆ ਪੰਜਾਬ ਦੇ ਸਮੁੱਚੇ ਮੁਲਾਜ਼ਮਾਂ ਨੂੰ ਉਨਾਂ ਦੇ ਬਣਦੇ ਹੱਕਾਂ ਨੂੰ ਖੋਹ ਕੇ ਮਾਨਸਿਕ ਪੀੜਤ ਵੱਲ ਵੱਧ ਰਹੀ। ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਮੁਲਾਜ਼ਮਾਂ ਦੇ ਬਣਦੇ ਹੱਕੀ ਭੱਤੇ ਬਹਾਲ ਨਾ ਕੀਤੇ ਤਾਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਉਨ੍ਹਾਂ ਸਰਕਾਰ ਦੇ ਪ੍ਰਤੀ ਵਿਰੋਧ ਕਰਨਗੇ।