ਇਟਲੀ ‘ਚ ਹੁਣ ਭਾਰਤੀ ਧਾਰਮਿਕ ਅਸਥਾਨਾਂ ‘ਤੇ ਚੋਰਾਂ ਦੀ ਅੱਖ,ਗੋਲਕ ਚੋਰੀ ਦੀ ਅਸਫ਼ਲ ਕੋਸ਼ਿਸ਼

0
50

ਮਿਲਾਨ (TLT) ਇਟਲੀ ਵਿੱਚ ਪਹਿਲਾਂ ਭਾਰਤੀ ਲੋਕਾਂ ਦੇ ਘਰਾਂ ‘ਚੋਂ ਚੋਰਾਂ ਨੇ ਸੋਨੇ ਦੇ ਗਹਿਣੇ ਚੋਰੀ ਕਰਨ `ਚ ਕੋਈ ਕਸਰ ਨਹੀ ਛੱਡ ਰਹੇ ਤੇ ਹੁਣ ਇਹਨਾਂ ਚੋਰਾਂ ਦੀ ਅੱਖ ਭਾਰਤੀ ਧਾਰਮਿਕ ਅਸਥਾਨਾਂ ‘ਤੇ ਹੈ, ਜਿਸ ਦੇ ਮੱਦੇਨਜ਼ਰ ਇਟਲੀ ਦੇ ਜ਼ਿਲ੍ਹਾ ਕਰਮੋਨਾ ਵਿੱਚ ਪੈਂਦੇ ਸ੍ਰੀ ਦੁਰਗਿਆਣਾ ਮੰਦਰ ਕਸਤਲਵੇਰਦੇ ਵਿਖੇ ਚੋਰਾਂ ਵੱਲੋਂ ਗੋਲਕ ਨੂੰ ਚੋਰੀ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਗਈ। ਇਸ ਸਾਰੇ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਦੁਰਗਿਆਣਾ ਮੰਦਰ ਕਸਤਲਵੇਰਦੇ ਦੇ ਉਪ ਪ੍ਰਧਾਨ ਅਨਿਲ ਕੁਮਾਰ ਲੋਧੀ ਨੇ ਦੱਸਿਆ ਕਿ ਬੀਤੀ ਰਾਤ 4 ਅਣਪਛਾਤੇ ਵਿਅਕਤੀਆਂ ਦੁਆਰਾ ਮੰਦਰ ਦੀ ਗੋਲਕ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਵਿਚੋਂ 2 ਵਿਅਕਤੀ ਕਾਰ ਵਿੱਚ ਹੀ ਸਵਾਰ ਸਨ, ਜਦ ਕਿ 2 ਵਿਅਕਤੀਆਂ ਨੇ ਮੰਦਰ ਦੇ ਅੰਦਰ ਆ ਕੇ ਗੋਲਕ ਨੂੰ ਚੁੱਕ ਕੇ ਲਿਜਾਣ ਦਾ ਅਸਫਲ ਯਤਨ ਕੀਤਾ।

ਇਹ ਕਥਿਤ ਚੋਰ ਮੰਦਰ ਦੀ ਗੋਲਕ ਨੂੰ ਮੰਦਰ ਦੇ ਹਾਲ ਦੇ ਮੇਨ ਗੇਟ ਤਕ ਲਿਜਾਣ ‘ਚ ਸਫ਼ਲ ਹੋ ਗਏ, ਪਰ ਮੰਦਰ ਦੇ ਪੁਜਾਰੀ ਪੰਡਤ ਭਾਉਮੀ ਕੁਮਾਰ ਨੇ ਜਦੋਂ ਖੜਕਾ ਸੁਣਿਆ, ਤਾਂ ਉਹ ਮੰਦਰ ਦੇ ਹਾਲ ਵਿੱਚ ਪਹੁੰਚ ਗਏ , ਜਿਸ ਨੂੰ ਦੇਖ ਮੰਦਰ ਵਿਚ ਚੋਰੀ ਕਰਨ ਆਏ ਅਣਪਛਾਤੇ ਵਿਅਕਤੀ ਗੋਲਕ ਨੂੰ ਮੰਦਰ ਦੇ ਮੁੱਖ ਹਾਲ ਦੇ ਦਰਵਾਜ਼ੇ ਕੋਲ ਛੱਡ ਕੇ ਕਾਰ ਵਿੱਚ ਨੌਂ ਦੋ ਗਿਆਰਾਂ ਹੋ ਗਏ। ਜਿਸ ਕਾਰਨ ਚੋਰੀ ਦੀ ਇਹ ਘਟਨਾ ਨਾਕਾਮ ਹੋ ਗਈ। ਮੰਦਰ ਦੇ ਉਪ ਪ੍ਰਧਾਨ ਅਨਿਲ ਕੁਮਾਰ ਲੋਧੀ ਨੇ ਅੱਗੇ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਇਟਲੀ ਵਿੱਚ ਬੇਸ਼ੱਕ ਪ੍ਰਸ਼ਾਸਨ ਦਾ ਸੁਰੱਖਿਆ ਤਾਣਾ-ਬਾਣਾ ਬਹੁਤ ਸਖ਼ਤ ਹੈ ਪਰ ਇਸ ਦੇ ਬਾਵਜੂਦ ਭਾਰਤੀ ਲੋਕਾਂ ਦਾ ਇਹਨਾਂ ਗੁੰਮਨਾਮ ਚੋਰਾਂ ਵੱਲੋਂ ਲੱਖਾਂ ਰੁਪਏ ਦਾ ਨੁਕਸਾਨ ਹੁਣ ਤਕ ਕੀਤਾ ਜਾ ਚੁੱਕਾ ਹੈ ਤੇ ਪੁਲਿਸ ਚੋਰੀ ਦੀਆਂ ਵਾਰਦਾਤਾਂ ਵਿੱਚ ਕੋਈ ਸੁਰਾਗ ਨਹੀ ਲੱਭ ਸਕੀ। ਇਸ ਲਈ ਇਟਲੀ ਦੇ ਭਾਰਤੀ ਲੋਕ ਆਪਣੇ ਧਾਰਮਿਕ ਅਸਥਾਨਾਂ ਦੀ ਨਿਗਰਾਨੀ ਚੌਕੰਨੇ ਹੋ ਕਰਨ ਨਹੀ ਤਾਂ ਪਛਤਾਉਣਾ ਪੈ ਸਕਦਾ ਹੈ।