ਪਾਵਰਕਾਮ ਦੇ ਜੂਨੀਅਰ ਇੰਜੀਨੀਅਰ 15 ਦਸੰਬਰ ਤਕ ਗਏ ਸਮੂਹਕ ਛੁੱਟੀ ‘ਤੇ

0
34

ਲੁਧਿਆਣਾ (TLT) ਪੰਜਾਬ ਭਰ ਵਿਚ ਪੰ :ਰਾ:ਪਾ:ਕਾ: ਲਿਮ: ਦੇ ਜੂਨੀਅਰ ਇੰਜੀਨੀਅਰ ਦੀ ਜਥੇਬੰਦੀ ਕੌਂਸਲ ਆਫ ਜੂਨੀਅਰ ਇੰਜੀਨੀਅਰ ਵੱਲੋਂ ਪਿਛਲੇ ਸਮੇਂ ਦੌਰਾਨ ਆਪਣੀਆਂ ਜਾਇਜ਼ ਮੰਗਾਂ ਨੂੰ ਮਨਵਾਉਣ ਲਈ ਮਹਿਕਮੇ ਖਿਲਾਫ਼ ਸੰਘਰਸ਼ ਵਧਾਇਆ ਹੋਇਆ ਹੈ ਜੋ ਕਿ 27 ਅਕਤੂਬਰ ਤੋਂ ਹੁਣ ਤਕ ਚੱਲ ਰਿਹਾ ਹੈ ਜਿਸ ਵਿੱਚ ਸਟੋਰਾਂ ਵਿਚੋਂ ਸਾਮਾਨ ਨਾ ਕਢਵਾਉਣ, ਐੱਸਈ ਲੈਬ ਵਿੱਚੋਂ ਨਵੇਂ ਮੀਟਰ ਨਾ ਜਾਰੀ ਕਰਨਾ, ਫੀਲਡ ਵਿਚ ਕਿਸੇ ਤਰ੍ਹਾਂ ਦੀਆਂ ਵੈਰੀਫਿਕੇਸ਼ਨਾਂ ਨਾ ਕਰਨਾ, ਕੁਤਾਹੀ ਰਕਮ ਦੀ ਉਗਰਾਹੀ ਨਾ ਕਰਨਾ, ਫੀਲਡ ਵਿਚ ਚੈਕਿੰਗਾਂ ਆਦਿ ਕਰਨ ਦਾ ਬਾਈਕਾਟ ਕੀਤਾ ਹੋਇਆ ਹੈ।

ਇਸ ਸਬੰਧ ਵਿਚ 17 ਨਵੰਬਰ ਤੋਂ ਲਗਾਤਾਰ ਪੰਜਾਬ ਭਰ ਦੇ ਜੇਈ ਮੁੱਖ ਦਫਤਰ ਪਟਿਆਲਾ ਦੇ ਮੇਨ ਗੇਟ ‘ਤੇ ਲੜੀਵਾਰ ਭੁੱਖ ਹੜਤਾਲ ਕਰ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਮਹਿਕਮੇ ਵੱਲੋਂ ਜੇਈਜ਼ ਦੀਆਂ ਮੰਗਾਂ ਨੂੰ ਲੈ ਕੇ ਇਸ ਸਮੇਂ ਦੌਰਾਨ ਜਥੇਬੰਦੀ ਨਾਲ ਕਈ ਮੀਟਿੰਗਾਂ ਕਰਨ ਉਪਰੰਤ ਮੰਗਾਂ ਨੂੰ ਜਾਇਜ਼ ਮੰਨ ਕੇ ਮਿਨਟਸ ਆਫ ਮੀਟਿੰਗ ਵੀ ਜਾਰੀ ਕੀਤੇ ਗਏ ਸਨ ਪਰ ਅਜੇ ਤਕ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਲਈ ਕੋਈ ਦਫ਼ਤਰੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ। ਰੋਸ ਵਜੋਂ 10 ਤੋਂ 15 ਦਸੰਬਰ ਤਕ ਪੰਜਾਬ ਭਰ ਦੇ ਜੇਈ ਸਮੂਹਿਕ ਛੁੱਟੀ ‘ਤੇ ਚਲੇ ਗਏ ਹਨ ਜਿਸ ਕਾਰਨ ਆਮ ਪਬਲਿਕ ਦੇ ਸਾਰੇ ਕੰਮ ਪ੍ਰਭਾਵਿਤ ਹੋ ਗਏ ਹਨ।

ਮਹਿਕਮੇ ਵਿਚ ਕੋਈ ਵੀ ਸਾਮਾਨ ਸਟੋਰ ‘ਚੋਂ ਕਢਵਾਉਣਾ ਸਿਰਫ ਜੀਈ ਦੀ ਹੀ ਡਿਊਟੀ ਹੁੰਦੀ ਹੈ ਜਿਸ ਦੇ ਬਾਈਕਾਟ ਕਾਰਨ ਪੰਜਾਬ ਵਿਚ ਕੋਈ ਵੀ ਨਵਾਂ ਬਿਜਲੀ ਕੁਨੈਕਸ਼ਨ ਨਹੀਂ ਲੱਗ ਰਿਹਾ ਤੇ ਵੱਖ-ਵੱਖ ਖੇਤਰਾਂ ‘ਚ ਬਿਜਲੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਇਹ ਜਾਣਕਾਰੀ ਕੌਂਸਲ ਆਫ ਜੂਨੀਅਰ ਇੰਜੀਨੀਅਰ ਜਥੇਬੰਦੀ ਲੁਧਿਆਣਾ ਤੋਂ ਆਗੂ ਜਸਵਿੰਦਰ ਸਿੰਘ ਜੁਆਇੰਟ ਸਕੱਤਰ, ਇੰਜੀਨੀਅਰ ਜਗਤਾਰ ਸਿੰਘ ਪ੍ਰਧਾਨ ਲੁਧਿਆਣਾ ਈਸਟ, ਇੰਜੀਨੀਅਰ ਸਾਹਿਲ ਸ਼ਰਮਾ ਸਕੱਤਰ ਲੁਧਿਆਣਾ ਈਸਟ ਵੱਲੋਂ ਸੈਂਟਰਲ ਸਟੋਰ ਲੁਧਿਆਣਾ ਦੇ ਗੇਟ ਅੱਗੇ ਸਮੂਹ ਮੈਂਬਰਾਂ ਵਲੋਂ ਲਗਾਏ ਰੋਸ ਮੁਜ਼ਾਹਰੇ ਦੌਰਾਨ ਦਿੱਤੀ ਗਈ ਆਗੂਆਂ ਨੇ ਦੱਸਿਆ ਕਿ ਪੰ :ਰਾ:ਪਾ:ਕਾ: ਲਿਮ: ਬੋਰਡ ਮੈਨੇਜਮੈਂਟ ਵੱਲੋਂ ਜੇਈ ਕੈਂਡਰ ਦੀ ਮੁੱਢਲੀ ਤਨਖਾਹ 17450 ਤੋਂ ਵਧਾ ਕੇ 19770 ਦਾ ਵਾਅਦਾ ਕੀਤਾ ਗਿਆ ਸੀ ਜਿਸ ਦਾ ਨੋਟੀਫਿਕੇਸ਼ਨ ਜਾਰੀ ਕਰਵਾਉਣ ਦੀ ਮੁੱਖ ਮੰਗ ਹੈ।