ਹਰਿਆਣਾ ’ਚ ਭਿਆਨਕ ਸੜਕ ਹਾਦਸਾ, ਟਿੱਕਰੀ ਬਾਰਡਰ ਤੋਂ ਵਾਪਸ ਆ ਰਹੇ ਮੁਕਤਸਰ ਦੇ 2 ਕਿਸਾਨਾਂ ਦੀ ਮੌਤ, ਇਕ ਗੰਭੀਰ ਜ਼ਖ਼ਮੀ

0
77

ਸ਼੍ਰੀ ਮੁਕਤਸਰ ਸਾਹਿਬ (TLT) ਕਿਸਾਨ ਅੰਦੋਲਨ ਦੀ ਸਮਾਪਤੀ ਤੋਂ ਬਾਅਦ ਟਿੱਕਰੀ ਬਾਰਡਰ ਤੋਂ ਵਾਪਸ ਆ ਰਹੇ ਕਿਸਾਨਾਂ ਦੀ ਟਰੈਕਟਰ ਟਰਾਲੀ ਨੂੰ ਪਿਛਿਓਂ ਇਕ ਕੈਂਟਰ ਦੇ ਟੱਕਰ ਮਾਰ ਦੇਣ ਕਾਰਨ ਟਰਾਲੀ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ, ਜੋ ਜ਼ਿਲ੍ਹੇ ਦੇ ਪਿੰਡ ਆਸਾ ਬੁੱਟਰ ਦੇ ਰਹਿਣ ਵਾਲੇ ਸਨ। ਇਸ ਹਾਦਸੇ ’ਚ ਇਕ ਕਿਸਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਅਿਾ ਹੈ। ਪਿੰਡ ਆਸਾ ਬੁੱਟਰ ਦੇ ਕੁਝ ਨੌਜਵਾਨ ਕਿਸਾਨ ਅੰਦੋਲਨ ਦੇ ਖ਼ਤਮ ਹੋਣ ’ਤੇ ਬੀਤੇ ਦਿਨੀਂ ਟਿੱਕਰੀ ਬਾਰਡਰ ਤੋਂ ਆਪਣਾ ਸਾਮਾਨ ਤੇ ਆਪਣੇ ਸਾਥੀ ਕਿਸਾਨਾਂ ਨੂੰ ਵਾਪਸ ਲੈ ਕੇ ਆਉਣ ਲਈ ਟਿੱਕਰੀ ਬਾਰਡਰ ’ਤੇ ਗਏ ਸਨ।

ਸ਼ੁੱਕਰਵਾਰ ਰਾਤ ਨੂੰ ਉਹ ਆਪਣਾ ਸਾਮਾਨ ਅਤੇ ਕਿਸਾਨਾਂ ਨਾਲ ਵਾਪਸ ਪਰਤਣ ਦੀ ਤਿਆਰੀ ਕਰ ਰਹੇ ਸਨ। ਦੱਸਿਆ ਜਾਂਦਾ ਹੈ ਕਿ ਇੱਕ ਟਰੈਕਟਰ ਦੇ ਪਿੱਛੇ ਦੋ ਟਰਾਲੀਆਂ ਲੱਗੀਆਂ ਹੋਈਆਂ ਸਨ। ਸ਼ਨੀਵਾਰ ਸਵੇਰੇ 5 ਵਜੇ ਦੇ ਕਰੀਬ ਹਿਸਾਰ ਨੇੜੇ ਪੁੱਜਣ ‘ਤੇ ਪਿੱਛੇ ਤੋਂ ਆ ਰਹੇ ਇਕ ਕੈਂਟਰ ਨੇ ਟਰਾਲੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਟਰਾਲੀ ‘ਚ ਸਵਾਰ ਦੋ ਕਿਸਾਨਾਂ ਦੀ ਮੌਤ ਹੋ ਗਈ, ਜਦਕਿ ਇਕ ਗੰਭੀਰ ਜ਼ਖਮੀ ਹੋ ਗਿਆ।

ਮ੍ਰਿਤਕ ਕਿਸਾਨਾਂ ਦੀ ਪਛਾਣ 38 ਸਾਲਾ ਸੁਖਦੇਵ ਸਿੰਘ ਅਤੇ 32 ਸਾਲਾ ਅਜੈਪ੍ਰੀਤ ਸਿੰਘ ਵਜੋਂ ਹੋਈ ਹੈ। ਜਦਕਿ ਜ਼ਖਮੀ ਕਿਸਾਨ ਦੀ ਪਛਾਣ ਰਘੁਬੀਰ ਸਿੰਘ ਵਜੋਂ ਹੋਈ ਹੈ। ਜ਼ਖਮੀ ਰਘੁਬੀਰ ਸਿੰਘ ਨੂੰ ਹਿਸਾਰ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।ਇਸ ਘਟਨਾ ਕਾਰਨ ਪਿੰਡ ਆਸਾ ਬੁੱਟਰ ਵਿੱਚ ਸੋਗ ਦੀ ਲਹਿਰ ਹੈ। ਸ਼ਨੀਵਾਰ ਨੂੰ ਲੋਕਾਂ ਦੇ ਘਰਾਂ ‘ਚ ਚੁੱਲ੍ਹਾ ਨਹੀਂ ਬਲਿਆ। ਹਾਦਸੇ ਤੋਂ ਬਾਅਦ ਪਰਿਵਾਰ ‘ਤੇ ਦੁੱਖ ਦਾ ਪਹਾੜ ਟੁੱਟ ਗਿਆ ਹੈ। ਦੋਵੇਂ ਕਿਸਾਨ ਲੰਬੇ ਸਮੇਂ ਤੋਂ ਟਿੱਕਰੀ ਸਰਹੱਦ ’ਤੇ ਧਰਨੇ ’ਤੇ ਬੈਠੇ ਸਨ।