ਪੰਜਾਬ ਦਾ ਇਸ ਵਾਰ ਸ਼ਰਾਬ ਤੋਂ ਮਾਲੀਆ 7000 ਕਰੋੜ ਹੋਣ ਦੀ ਸੰਭਾਵਨਾ

0
53

ਚੰਡੀਗੜ੍ਹ (tlt) ਪੰਜਾਬ ’ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਇਸ ਗੱਲ ਨੂੰ ਲੈ ਕੇ ਬੇਸ਼ੱਕ ਅਲੋਚਨਾ ਹੋ ਰਹੀ ਹੋਵੇ ਕਿ ਉਨ੍ਹਾਂ ਨੇ ਕਈ ਸੈਕਟਰਾਂ ਨੂੰ ਮੁਫਤ ਚੀਜ਼ਾਂ ਉਪਲਬੱਧ ਕਰਵਾ ਕੇ ਖਜ਼ਾਨੇ ਨੂੰ ਖਾਲੀ ਕਰ ਦਿੱਤਾ ਹੈ ਪਰ ਪੰਜਾਬ ਲਈ ਚੰਗੀ ਗੱਲ ਇਹ ਹੈ ਕਿ ਇਸ ਵਾਰ ਸ਼ਰਾਬ ਤੋਂ ਹੋਣ ਵਾਲੀ ਆਮਦਨ ਇਸ ਨੁਕਸਾਨ ਦੀ ਭਰਪਾਈ ਕਰ ਦੇਵੇਗੀ। ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਐਕਸਾਈਜ਼ ਤੋਂ ਹੋਣ ਵਾਲੀ ਆਮਦਨ ਬਜਟ ਅਨੁਮਾਨ ਦੇ ਮੁਤਾਬਕ ਹੋਣ ਜਾ ਰਹੀ ਹੈ। ਜਦਕਿ ਇਸ ਤੋਂ ਪਹਿਲਾਂ ਸਰਕਾਰ ਜਿਨੀ ਵੀ ਆਮਦਨ ਦਾ ਅਨੁਮਾਨ ਲਾਉਂਦੀ ਰਹੀ ਹੈ ਉਸ ਤੋਂ ਪੰਜ ਸੌ ਕਰੋੜ ਦੇ ਲਗਪਗ ਘੱਟ ਹੀ ਆਉਂਦੀ ਰਹੀ ਹੈ ਪਰ ਇਸ ਸਾਲ ਸੰਭਵ ਹੈ ਕਿ ਆਮਦਨੀ ਦਾ ਅੰਕੜਾ ਸੱਤ ਹਜ਼ਾਰ ਕਰੋੜ ਨੂੰ ਛੂਹ ਜਾਵੇ।ਐਕਸਾਈਜ਼ ਤੋਂ ਹੋਣ ਵਾਲੀ ਆਮਦਨ ’ਚ ਪਿਛਲੇ ਸਾਲ ਦੇ ਨਵੰਬਰ ਮਹੀਨੇ ਦੇ ਮੁਕਾਬਲੇ ਸਰਕਾਰ ਨੂੰ 25.12 ਕਰੋੜ ਰੁਪਏ ਦੀ ਆਮਦਨੀ ਜ਼ਿਆਦਾ ਹੋਈ ਹੈ। ਪਿਛਲੇ ਸਾਲ ਨਵੰਬਰ ਮਹੀਨੇ ’ਚ 502 ਕਰੋੜ ਰੁਪਏ ਦੀ ਆਮਦਨ ਹੋਈ ਸੀ ਜਦਕਿ ਇਸ ਸਾਲ 527 ਕਰੋੜ ਮਿਲੇ ਹਨ। ਇਹੀ ਨਹੀਂ, ਜੇਕਰ ਨਵੰਬਰ ਮਹੀਨੇ ਤਕ ਦਾ ਹਿਸਾਬ ਲਾਇਆ ਜਾਵੇ ਤਾਂ ਪਿਛਲੇ ਸਾਲ ਨਵੰਬਰ ਮਹੀਨੇ ਤਕ ਸਰਕਾਰ ਨੂੰ 3476 ਕਰੋੜ ਰੁਪਏ ਦੀ ਆਮਦਨੀ ਹੋਈ ਸੀ ਜੋ ਇਸ ਸਾਲ ਵੱਧ ਕੇ 3977 ਕਰੋੜ ਰੁਪਏ ਦੇ ਲਗਪਗ ਹੋ ਗਈ ਹੈ ਜੋ 500 ਕਰੋੜ ਰੁਪਏ ਜ਼ਿਆਦਾ ਹੈ।

ਵਿਭਾਗ ਦੇ ਇਕ ਉਚ ਅਧਿਕਾਰੀ ਦਾ ਕਹਿਣਾ ਹੈ ਕਿ ਸ਼ਰਾਬ ਨੂੰ ਲੈ ਕੇ ਕੀਤੀ ਗਈ ਸਖ਼ਤੀ ਦਾ ਹੀ ਇਹ ਨਤੀਜਾ ਹੈ ਕਿ ਇਸ ਵਾਲ ਮਾਲੀਆ ਜ਼ਿਆਦਾ ਆ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਗੁਆਂਢੀ ਸੂਬਿਆਂ ਤੋਂ ਹੋਣ ਵਾਲੀ ਤਸਕਰੀ ਤੋਂ ਇਲਾਵਾ ਪੰਜਾਬ ਦੀ ਡਿਸਟਿਲਰੀ ’ਚੋਂ ਨਿਕਲਣ ਵਾਲੀ ਗੈਰ-ਕਾਨੂੰਨੀ ਸ਼ਰਾਬ ਵੀ ਕਾਰੋਬਾਰ ਨੂੰ ਪ੍ਰਭਾਵਿਤ ਕਰ ਰਹੀ ਸੀ ਜਿਸ ’ਤੇ ਸਖਤੀ ਕੀਤੀ ਗਈ ਹੈ। ਪੰਜਾਬ ਸਰਕਾਰ ਨੇ ਨਵੰਬਰ ਮਹੀਨੇ ਦੇ ਪਹਿਲੇ ਹਫਤੇ ’ਚ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ’ਚ ਕਮੀ ਕੀਤੀ ਸੀ ਤੇ ਇਸ ਤੋਂ ਇਕ ਹਫਤੇ ਪਹਿਲਾਂ ਕੇਂਦਰ ਸਰਕਾਰ ਨੇ ਵੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘਟਾਈਆਂ ਸੀ ਜਿਸ ਨਾਲ ਇਹ ਸ਼ੱਕ ਕੀਤਾ ਜਾ ਰਿਹਾ ਸੀ ਕਿ ਵੈਟ ਤੋਂ ਹੋਣ ਵਾਲੀ ਆਮਦਨ ਘਟੇਗੀ ਪਰ ਨਵੰਬਰ ਮਹੀਨੇ ’ਚ ਵੀ ਸਰਕਾਰ ਨੂੰ ਪਿਛਲੇ ਸਾਲ ਦੇ ਮੁਕਾਬਲੇ 211.89 ਕਰੋੜ ਰੁਪਏ ਜ਼ਿਆਦਾ ਆਏ ਹਨ।