ਵਕੀਲ ਨੂੰ ਬੰਧਕ ਬਣਾ ਕੇ ਕੀਤੀ ਕੁੱਟਮਾਰ , ਮਾਮਲਾ ਦਰਜ

0
66

ਹੁਸ਼ਿਆਰਪੁਰ/TLT/  ਪਿੰਡ ਜਾਜਾ ‘ਚ ਪਲਾਟ ਦੇ ਝਗੜੇ ਕਾਰਨ ਵਕੀਲ ਨੂੰ ਬੰਧਕ ਬਣਾ ਕੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਵਿੱਚ ਥਾਣਾ ਟਾਂਡਾ ਪੁਲਿਸ ਨੇ  10 ਵਿਅਕਤੀਆਂ ਖਿਲਾਫ ਵੱਖ-2  ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਨੇ ਮਾਮਲਾ ਦਰਜ ਸਿਨੇਮਾ ਰੋਡ ਦਸੂਹਾ ਦੇ ਰਹਿਣ ਵਾਲੇ ਧਰਨੀਸ਼ ਸਿੰਘ ਪੁੱਤਰ ਗੁਰਨਾਮ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕਰਨਵੀਰ ਸਿੰਘ ਪੁੱਤਰ ਬਲਬੀਰ ਸਿੰਘ, ਦਿਲਪ੍ਰੀਤ ਬੰਟੀ, ਸਿਮਰਜੀਤ ਕੌਰ ਪਤਨੀ ਕਰਣਵੀਰ ਸਿੰਘ, ਹੈਪੀ ਪੁੱਤਰ ਸਵਰਨ ਸਿੰਘ ਵਾਸੀ ਜਾਜਾ, ਮਨਜਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਖਰਲਾ, ਗੁਰਵਿੰਦਰ ਸਿੰਘ ਅਤੇ 4 ਹੋਰ ਅਣਪਛਾਤੇ ਨੌਜਵਾਨਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਬਿਆਨ ‘ਚ ਧਰਨੀਸ਼ ਸਿੰਘ ਨੇ ਦੱਸਿਆ ਕਿ ਜਦੋਂ ਉਹ ਟਾਂਡਾ ‘ਚ ਵਿਆਹ ਸਮਾਗਮ ‘ਚ ਆਇਆ ਹੋਇਆ ਸੀ ਤਾਂ ਉਸ ਨੂੰ ਦੁਪਹਿਰ ਸਮੇਂ ਕਿਸੇ ਨੇ ਸੂਚਨਾ ਦਿੱਤੀ ਕਿ ਉਕਤ ਮੁਲਜ਼ਮ ਉਸ ਦੇ ਜਾਜਾ ‘ਚ ਪਲਾਟ ‘ਤੇ ਕਬਜ਼ਾ ਕਰਨ ਦੀ ਨੀਅਤ ਨਾਲ ਕੰਧ ਬਣਵਾ ਰਹੇ ਹਨ। ਜਦੋਂ ਉਹ ਆਪਣੇ ਸਾਲੇ ਸੁਖਦੀਪ ਸਿੰਘ ਵਾਸੀ ਰੱਲਣ ਸਮੇਤ ਮੌਕੇ ’ਤੇ ਪੁੱਜੇ ਤਾਂ ਉਸ ਨੇ ਉਸਾਰੀ ਮਜ਼ਦੂਰ ਨੂੰ ਕੰਮ ਬੰਦ ਕਰਨ ਲਈ ਕਿਹਾ ਤਾਂ ਉਕਤ ਮੁਲਜ਼ਮਾਂ ਨੇ ਉਸ ’ਤੇ ਬੇਸਬਾਲ, ਡੰਡਿਆਂ ਅਤੇ ਦੋਨਾਲੀ ਬੰਦੂਕਾਂ ਨਾਲ ਹਮਲਾ ਕਰ ਦਿੱਤਾ। ਕੁੱਟਮਾਰ ਕਰਦੇ ਹੋਏ ਉਹ ਉਸ ਨੂੰ ਅਗਵਾ ਕਰਕੇ ਆਪਣੇ ਘਰ ਲੈ ਗਿਆ ਤੇ ਖੰਭੇ ਨਾਲ ਬੰਨ੍ਹ ਕੇ ਬੰਧਕ ਬਣਾ ਲਿਆ। ਕਰਨਵੀਰ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਆਪਣੀ ਦੋਨਾਲੀ ਬੰਦੂਕ  ਦੇ ਬੱਟ ਨਾਲ ਉਸ ਦੇ ਸਿਰ ‘ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਬਾਕੀ ਮੁਲਜਮਾਂ ਨੇ ਉਸ ਦੀ ਵੀ ਕੁੱਟਮਾਰ ਕੀਤੀ। ਉਸ ਦੇ ਸਾਲੇ  ਦੀ ਸੂਚਨਾ ਦੇ ਆਧਾਰ ‘ਤੇ ਟਾਂਡਾ ਪੁਲਸ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਉਸ ਨੂੰ ਹਮਲਾਵਰਾਂ ਤੋਂ ਛੁਡਵਾਇਆ ਤੇ ਟਾਂਡਾ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ