ਮੇਅਰ ਨੂੰ ਜਨਰਲ ਹਾਊਸ ‘ਚ ਮੁਅੱਤਲ ਕਰਨ ਦੇ ਮਾਮਲੇ ‘ਚ ਅਗਲੀ ਸੁਣਵਾਈ 8 ਦਸੰਬਰ ਨੂੰ

0
56

ਪਟਿਆਲਾ (TLT) ਸ਼ਹਿਰ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੂੰ ਜਨਰਲ ਹਾਊਸ ‘ਚ ਮੁਅੱਤਲ ਕਰਨ ਦੇ ਮਾਮਲੇ ਵਿੱਚ ਹਾਈ ਕੋਰਟ ਨੇ ਅਗਲੀ ਪੇਸ਼ੀ ਅੱਠ ਦਸੰਬਰ ਤੈਅ ਕੀਤੀ ਹੈ। ਪਹਿਲੀ ਪੇਸ਼ੀ ਦੌਰਾਨ ਮੇਅਰ ਸੰਜੀਵ ਸ਼ਰਮਾ ਬਿੱਟੂ ਖੁਦ ਅਦਾਲਤ ਵਿੱਚ ਪੁੱਜੇ ਅਤੇ ਨਗਰ ਨਿਗਮ ਵੱਲੋਂ ਸਰਕਾਰੀ ਵਕੀਲ ਹਾਜ਼ਰ ਹੋਏ। ਨਗਰ ਨਿਗਮ ਦੇ ਵਕੀਲ ਵੱਲੋਂ ਇਸ ਮਾਮਲੇ ਸਬੰਧੀ ਸਰਕਾਰ ਵੱਲੋਂ ਕੋਈ ਪੱਤਰ ਜਾਰੀ ਨਾ ਹੋਣ ਦੀ ਗੱਲ ਕਹੀ ਗਈ, ਜਿਸ ‘ਤੇ ਅਦਾਲਤ ਨੇ ਸੋਮਵਾਰ ਨੂੰ ਅਗਲੀ ਸੁਣਵਾਈ ਤੈਅ ਕੀਤੀ ਹੈ।

ਜ਼ਿਕਰਯੋਗ ਹੈ ਕਿ 25 ਨਵੰਬਰ ਤੋਂ ਮੁਅੱਤਲ ਚੱਲ ਰਹੇ ਸੰਜੀਵ ਸ਼ਰਮਾ ਬਿੱਟੂ ਨੇ ਇਸ ਕਾਰਵਾਈ ਨੂੰ ਚੁਣੌਤੀ ਦਿੰਦੇ ਹੋਏ ਹਾਈ ਕੋਰਟ ‘ਚ ਪਟੀਸ਼ਨ ਪਾਈ ਹੈ। ਬਿੱਟੂ ਨੇ ਵਕੀਲ ਆਤਮਾ ਰਾਮ ਰਾਹੀਂ ਆਪਣੀ ਮੁਅੱਤਲੀ ਦੀ ਕਾਰਵਾਈ ਨੂੰ ਚੁਣੌਤੀ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਾਰਵਾਈ ਗ਼ੈਰ ਕਾਨੂੰਨੀ ਹੈ ਤੇ ਇਸ ਨੂੰ ਰੱਦ ਕੀਤਾ ਜਾਵੇ। ਦੱਸਣਯੋਗ ਹੈ ਕਿ 25 ਨਵੰਬਰ ਨੂੰ ਪਟਿਆਲਾ ਨਗਰ ਨਿਗਮ ਦੀ ਮੀਟਿੰਗ ‘ਚ ਅਵਿਸ਼ਵਾਸ ਮਤਾ ਪੇਸ਼ ਕੀਤਾ ਗਿਆ ਸੀ। ਇਸ ਵਿਚ ਬਿੱਟੂ ਦੇ ਪੱਖ ਵਿਚ 25 ਵੋਟਾਂ ਪਈਆਂ ਸਨ ਤੇ ਉਨ੍ਹਾਂ ਵਿਰੁੱਧ 36 ਵੋਟਾਂ ਸਨ। ਇਸ ਕਰ ਕੇ ਉਨ੍ਹਾਂ ਨੂੰ ਮੇਅਰ ਦੇ ਅਹੁਦੇ ਤੋਂ ਪਾਸੇ ਕਰ ਦਿੱਤਾ ਗਿਆ ਸੀ।