ਡਾ. ਵੇਰਕਾ ਵੱਲੋਂ ਕਰੋਨਾ ਦੇ ਨਵੇਂ ਵੇਰੀਐਂਟ ਨਾਲ ਨਿਪਟਣ ਲਈ ਸੀਨੀਅਰ ਅਧਿਕਾਰੀਆਂ ਨੂੰ ਨਿਰਦੇਸ਼

0
53

ਮੈਡੀਕਲ ਕਾਲਜਾਂ ਤੇ ਹਸਪਤਾਲਾਂ ’ਚ ਚੱਲ ਰਹੇ ਪ੍ਰੋਜੈਕਟਾਂ ਨੂੰ ਸਮੇਂ ਸੀਮਾਂ ਵਿੱਚ ਮੁਕੰਮਲ ਕਰਨ ਲਈ ਆਖਿਆ

ਚੰਡੀਗੜ (TLT) ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਕਰੋਨਾ ਦੇ ਨਵੇਂ ਵੇਰੀਐਂਟ ਨਾਲ ਨਿਪਟਣ ਅਤੇ ਇਸ ਸਬੰਧ ਵਿੱਚ ਪ੍ਰਭਾਵੀ ਜਾਗਰੂਤਾ ਮੁਹਿੰਮ ਅਰੰਭਣ ਲਈ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ।ਅੱਜ ਪੰਜਾਬ ਭਵਨ ਵਿਖੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਵੱਖ ਵੱਖ ਮੈਡੀਕਲ ਕਾਲਜਾਂ ਦੇ ਪਿ੍ਰੰਸੀਪਲਾਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਡਾ. ਵੇਰਕਾ ਨੇ ਓਮੀਕਰੋਨ ਨਾਂ ਦੇ ਇਸ ਨਵੇਂ ਵੇਰੀਐਂਟ ਨਾਲ ਨਿਪਟਣ ਲਈ ਸਾਰੇ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਵਿੱਚ ਪੁਖਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ।ਇਸ ਦੌਰਾਨ ਡਾ. ਵੇਰਕਾ ਨੂੰ ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਕਰੋਨਾ ਦੀ ਟੈਸਟਿੰਗ ਲਈ 3 ਵੀ.ਆਰ.ਡੀ.ਐਲ. ਲੈਬਜ਼ ਹਨ ਅਤੇ ਪ੍ਰਤੀ ਦਿਨ 35000 ਆਰ.ਟੀ.ਪੀ.ਸੀ.ਆਰ. ਟੈਸਟਾਂ ਦੀ ਸਮਰੱਥਾ ਹੈ। ਉਨਾਂ ਇਹ ਵੀ ਦੱਸਿਆ ਕਿ ਚਾਰ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਆਈਸੋਲੇਸ਼ਨ ਵਾਰਡ ਬਣਾਈਆਂ ਗਈਆਂ ਹਨ ਅਤੇ ਇਨਾਂ ਵਿੱਚ 1440 ਐਲ2 ਬੈਡ ਅਤੇ 830 ਐਲ3 ਬੈਡ ਹਨ। ਇਸ ਸਮੇਂ ਸਰਕਾਰੀ ਮੈਡੀਕਲ ਕਾਲਜਾਂ ਵਿੱਚ 358 ਕੋਵਿਡ ਵੈਂਟੀਲੇਟਰ ਅਤੇ 67 ਨਾਨ ਕੋਵਿਡ ਵੈਂਟੀਲੇਟਰ ਹਨ। ਇਸ ਦੌਰਾਨ ਡਾ. ਵੇਰਕਾ ਨੇ ਸੂਬੇ ਭਰ ਵਿੱਚ ਚੱਲ ਰਹੇ ਵੱਖ ਵੱਖ ਪ੍ਰੋਜੈਕਟਾਂ ਦਾ ਜਾਇਜਾ ਲਿਆ। ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ, ਗੁਰੂ ਰਵਿਦਾਸ ਆਯੂਰਵੈਦ ਯੂਨੀਵਰਸਿਟੀ ਹੁਸ਼ਿਆਰਪੁਰ, ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਅੰਮਿ੍ਰਤਸਰ, ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਪਟਿਆਲਾ ਅਤੇ  ਸਰਕਾਰੀ ਮੈਡੀਕਲ ਕਾਲਜ  ਤੇ ਹਸਪਤਾਲ ਫਰੀਦਕੋਟ, ਸਰਕਾਰੀ ਆਯੁਰਵੈਦਿਕ ਕਾਲਜ ਪਟਿਆਲਾ ਵਿੱਚ ਚੱਲ ਰਹੇ ਪ੍ਰੋਜੈਕਟਾਂ ਦਾ ਜਾਇਜਾ ਵੀ ਲਿਆ। ਇਸ ਤੋਂ ਇਲਾਵਾ ਸਰਕਾਰੀ ਡਾ. ਬੀ ਆਰ ਅੰਬੇਡਕਰ ਸਟੇਟ ਇੰਸਟੀਚਿਟ ਆਫ ਮੈਡੀਕਲ ਸਾਇੰਸਿਜ਼ ਮੋਹਾਲੀ, ਸ਼ਹੀਦ ਊਧਮ ਸਿੰਘ ਸਟੇਟ ਇੰਸਟੀਚਿਟ ਆਫ ਮੈਡੀਕਲ ਸਾਇੰਸਿਜ਼ ਹੁਸ਼ਿਆਰਪੁਰ ਅਤੇ ਸ੍ਰੀ ਗੁਰੂ ਨਾਨਕ ਦੇਵ ਸਟੇਟ ਇੰਸਟੀਚਿਟ ਆਫ ਮੈਡੀਕਲ ਸਾਇੰਸਿਜ਼ ਕਪੂਰਥਲਾ ਦੀ ਸਥਿਤੀ ਦਾ ਵੀ ਜਾਇਜਾ ਲਿਆ। ਉਨਾਂ ਨੇ ਇਹ ਪ੍ਰੋਜੈਕਟ ਨਿਰਧਾਰਤ ਸਮੇਂ ਸੀਮਾਂ ਵਿੱਚ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।ਇਸ ਸਮੇਂ ਪਿ੍ਰੰਸੀਪਲ ਸਕੱਤਰ ਸ੍ਰੀ ਅਲੋਕ ਸ਼ੇਖਰ, ਡਾ. ਅਵਿਨਾਸ਼ ਕੁਮਾਰ ਡੀ.ਆਰ.ਐਮ.ਈ., ਪਿ੍ਰੰਸੀਪਲ ਕਾਲਜ ਅਤੇ ਡਾਇਰੈਕਟਰ ਡਾ. ਰਾਜੀਵ ਦੇਵਗਨ, ਡਾ. ਕੇ.ਡੀ. ਸਿੰਘ, ਪਿ੍ਰੰਸੀਪਲ ਕਾਲਜ ਅਤੇ ਡਾਇਰੈਕਟਰ ਪਟਿਆਲਾ ਮੈਡੀਕਲ ਕਾਲਜ ਡਾ. ਆਰ.ਐਸ. ਰੇਖੀ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਪਿ੍ਰੰਸੀਪਲ ਡਾ. ਰਜੀਵ ਸ਼ਰਮਾ ਅਤੇ ਡਾ. ਸ਼ਿਲੇਖ ਮਿੱਤਲ ਹਾਜ਼ਰ ਸਨ।