ਜੰਕ ਫੂਡ ਤੋਂ ਬੱਚਿਆਂ ਬਚਾਉਣ ਲਈ PGI ਤੇ ਚੰਡੀਗੜ੍ਹ ਸਿੱਖਿਆ ਵਿਭਾਗ ਦੀ ਪਹਿਲ, ਸਕੂਲ ਕੈਂਟੀਨ ‘ਚ Junk Food ‘ਤੇ ਬੈਨ

0
50

ਚੰਡੀਗੜ੍ਹ (TLT) ਸ਼ਹਿਰ ਦੇ ਸਕੂਲਾਂ ‘ਚ ਹੁਣ ਜੰਕ ਫੂਡ ‘ਤੇ ਪਾਬੰਦੀ ਹੋਵੇਗੀ। ਪੀਜੀਆਈ ਚੰਡੀਗੜ੍ਹ ਵਿਦਿਆਰਥੀਆਂ ਨੂੰ ਜੰਕ ਫੂਡ ਪ੍ਰਤੀ ਜਾਗਰੂਕ ਕਰੇਗਾ। ਪੀਜੀਆਈ ਦੀ ਕਮਿਊਨਿਟੀ ਮੈਡੀਸਨ ਤੇ ਪਬਲਿਕ ਹੈਲਥ ਚੰਡੀਗੜ੍ਹ ਵੱਲੋਂ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ। ਵਿਦਿਆਰਥੀਆਂ ਨੂੰ ਜੰਕ ਫੂਡ ਅਤੇ ਇਸ ਦੇ ਸਿਹਤ ‘ਤੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾਵੇਗਾ। ਇਸ ਦੇ ਲਈ ਪੀਜੀਆਈ ਚੰਡੀਗੜ੍ਹ ਤੇ ਚੰਡੀਗੜ੍ਹ ਸਿੱਖਿਆ ਵਿਭਾਗ ਸਕੂਲਾਂ ਨੂੰ ਗਾਈਡਲਾਈਨ ਜਾਰੀ ਕਰੇਗਾ। ਇਸ ਦਿਸ਼ਾ-ਨਿਰਦੇਸ਼ ਨੂੰ ਲਾਗੂ ਕਰਨ ਲਈ ਸਾਰੇ ਸਕੂਲਾਂ ਨੂੰ ਸਰਕੂਲਰ ਭੇਜਿਆ ਜਾਵੇਗਾ। ਸਰਕੂਲਰ ਭੇਜਣ ਤੋਂ ਬਾਅਦ ਸਕੂਲਾਂ ‘ਚ ਚੱਲ ਰਹੀਆਂ ਕੰਟੀਨਾਂ ‘ਚ ਜੰਕ ਫੂਡ ‘ਤੇ ਪਾਬੰਦੀ ਲਗਾ ਦਿੱਤੀ ਜਾਵੇਗੀ। ਹੁਣ ਕੰਟੀਨ ਵਿਚ ਬੱਚਿਆਂ ਨੂੰ ਪੌਸ਼ਟਿਕ ਭੋਜਨ ਦਿੱਤਾ ਜਾਵੇਗਾ। ਜਿਸ ਵਿਚ ਜੂਸ, ਫਲ ਤੇ ਹੋਰ ਪੌਸ਼ਟਿਕ ਭੋਜਨ ਸ਼ਾਮਿਲ ਕੀਤਾ ਜਾਵੇਗਾ।

ਪੀਜੀਆਈ ਦੇ ਕਮਿਊਨਿਟੀ ਮੈਡੀਸਨ ਤੇ ਪਬਲਿਕ ਹੈਲਥ ਵਿਭਾਗ ਦੇ ਪ੍ਰੋਫੈਸਰ ਸੋਨੂੰ ਗੋਇਲ ਨੇ ਕਿਹਾ ਕਿ ਸਕੂਲਾਂ ਦੇ 50 ਮੀਟਰ ਦੇ ਘੇਰੇ ਵਿਚ ਜੰਕ ਫੂਡ ਵੇਚਣ ਵਾਲੇ ਦੁਕਾਨਦਾਰਾਂ ਨੂੰ ਵੀ ਹਟਾ ਦਿੱਤਾ ਜਾਵੇਗਾ। ਦੇਖਿਆ ਗਿਆ ਹੈ ਕਿ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਬੱਚੇ ਬਾਹਰ ਖੜ੍ਹੇ ਜੰਕ ਫੂਡ ਵੇਚਣ ਵਾਲੇ ਦੁਕਾਨਦਾਰਾਂ ‘ਤੇ ਇਨ੍ਹਾਂ ਦਾ ਸੇਵਨ ਕਰਦੇ ਹਨ। ਜਿਸ ਨਾਲ ਬੱਚਿਆਂ ਦੀ ਸਿਹਤ ‘ਤੇ ਮਾੜਾ ਅਸਰ ਪੈਂਦਾ ਹੈ।

ਵਿਭਾਗ ਦੀ ਐਸੋਸੀਏਟ ਪ੍ਰੋਫੈਸਰ ਡਾ: ਪੂਨਮ ਖੰਨਾ ਨੇ ਦੱਸਿਆ ਕਿ ਜੰਕ ਫੂਡ ਦੇ ਸੇਵਨ ਕਾਰਨ ਬੱਚਿਆਂ ਵਿਚ ਮੋਟਾਪਾ ਵੱਧ ਰਿਹਾ ਹੈ। ਮੋਟਾਪਾ ਵਧਣ ਕਾਰਨ ਬੱਚਿਆਂ ਵਿਚ ਬਿਮਾਰੀਆਂ ਵੀ ਵੱਧ ਰਹੀਆਂ ਹਨ। ਬੱਚੇ ਸਰੀਰਕ ਤੇ ਮਾਨਸਿਕ ਤੌਰ ‘ਤੇ ਤੰਦਰੁਸਤ ਨਹੀਂ ਹਨ। ਇਸ ਦਾ ਅਸਰ ਬੱਚਿਆਂ ਦੀ ਪੜ੍ਹਾਈ ਤੇ ਲਿਖਣ ’ਤੇ ਵੀ ਪੈਂਦਾ ਹੈ। ਬੱਚਿਆਂ ਨੂੰ ਸਿਹਤਮੰਦ ਅਤੇ ਵਧੀਆ ਸਿੱਖਿਆ ਪ੍ਰਦਾਨ ਕਰਨ ਲਈ ਇਹ ਬਹੁਤ ਜ਼ਰੂਰੀ ਹੈ ਕਿ ਜੰਕ ਫੂਡ ਨੂੰ ਉਨ੍ਹਾਂ ਦੇ ਜੀਵਨ ਵਿੱਚੋਂ ਖਤਮ ਕੀਤਾ ਜਾਵੇ। ਤਾਂ ਜੋ ਬੱਚੇ ਪੌਸ਼ਟਿਕ ਭੋਜਨ ਦਾ ਸੇਵਨ ਕਰਨ ਤੇ ਆਪਣੀ ਮਾਨਸਿਕ ਤੇ ਸਰੀਰਕ ਸਮਰੱਥਾ ਵਿਚ ਸੁਧਾਰ ਕਰ ਸਕਣ।

ਡਾ: ਸੋਨੂੰ ਗੋਇਲ ਤੇ ਚੰਡੀਗੜ੍ਹ ਸਿੱਖਿਆ ਵਿਭਾਗ ਦੇ ਡਾਇਰੈਕਟਰ ਡਾ: ਪਾਲਿਕਾ ਅਰੋੜਾ ਨੇ ਦੱਸਿਆ ਕਿ ਇਸ ਤਹਿਤ ਪੀਜੀਆਈ ਅਤੇ ਸਿੱਖਿਆ ਵਿਭਾਗ ਮਿਲ ਕੇ ਸ਼ਹਿਰ ਵਿਚ ਟਰਾਂਸਫੈਟ ਫਰੀ ਸਕੂਲ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਨ। ਤਾਂ ਜੋ ਵਧ ਰਹੇ ਮੋਟਾਪੇ ਨੂੰ ਖਤਮ ਕੀਤਾ ਜਾ ਸਕੇ ਅਤੇ ਬੱਚਿਆਂ ਨੂੰ ਹਾਈ ਕਾਰਡੀਓ ਮੈਟਾਬੋਲਿਕਸ ਦਾ ਖਤਰਾ ਹੋਵੇ। ਕਿਉਂਕਿ ਜੇਕਰ ਬੱਚਿਆਂ ਵਿਚ ਜੰਕ ਜਾਂ ਫਾਸਟ ਫੂਡ ਦੀਆਂ ਭੈੜੀਆਂ ਆਦਤਾਂ ਨੂੰ ਸ਼ੁਰੂ ਤੋਂ ਹੀ ਬੰਦ ਕਰ ਦਿੱਤਾ ਜਾਵੇ ਤਾਂ ਭਵਿੱਖ ਵਿਚ ਉਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਤੇ ਸ਼ੂਗਰ ਵਰਗੀਆਂ ਖਤਰਨਾਕ ਬਿਮਾਰੀਆਂ ਨਾਲ ਜੂਝਣਾ ਨਹੀਂ ਪਵੇਗਾ।