ਨਾਜਾਇਜ਼ ਸਬੰਧਾਂ ‘ਚ ਰੋੜਾ ਬਣੀ ਪਤਨੀ ਦੀ ਹੱਤਿਆ, ਗਲ਼ਾ ਘੁੱਟ ਕੇ ਦਿੱਤਾ ਵਾਰਦਾਤ ਨੂੰ ਅੰਜਾਮ

0
90

 

ਲੁਧਿਆਣਾ (TLT) ਨਾਜਾਇਜ਼ ਸਬੰਧਾਂ ਦਾ ਵਿਰੋਧ ਕਰ ਰਹੀ ਪਤਨੀ ਦੀ ਗਲ਼ਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ। ਇਸ ਮਾਮਲੇ ‘ਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਮਹਾਂ ਲਕਸ਼ਮੀ ਨਗਰ ਦੀ ਰਹਿਣ ਵਾਲੀ ਮੋਤੀ ਦੇਵੀ ਦੇ ਬਿਆਨਾਂ ਉਪਰ ਉਸ ਦੇ ਗੁਆਂਢ ‘ਚ ਰਹਿਣ ਵਾਲੇ ਰਾਜ ਨਿਸ਼ਾਦ ਖਿਲਾਫ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਸਾਹਨੇਵਾਲ ਦੀ ਪੁਲਿਸ ਨੇ ਮ੍ਰਿਤਕਾ ਕਿਰਨ ਦੇਵੀ ( 31) ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਪੁਲਿਸ ਨੂੰ ਜਾਣਕਾਰੀ ਦਿੰਦਿਆਂ ਮੋਤੀ ਦੇਵੀ ਨੇ ਦੱਸਿਆ ਕਿ ਸਤੰਬਰ ਮਹੀਨੇ ਰਾਜ ਨਿਸ਼ਾਦ ਤੇ ਉਸ ਦੀ ਪਤਨੀ ਕਿਰਨ ਦੇਵੀ ਦੋ ਬੱਚਿਆਂ ਨਾਲ ਉਨ੍ਹਾਂ ਦੇ ਗੁਆਂਢ ‘ਚ ਕਿਰਾਏ ‘ਤੇ ਰਹਿਣ ਲਈ ਆਏ ਸਨ। ਕਿਰਨ ਦੇਵੀ ਅਕਸਰ ਇਹ ਗੱਲ ਆਖਦੀ ਸੀ ਕਿ ਉਸਦੇ ਪਤੀ ਦੇ ਕਿਸੇ ਔਰਤ ਨਾਲ ਨਾਜਾਇਜ਼ ਸਬੰਧ ਹਨ। ਮੋਤੀ ਦੇਵੀ ਨੇ ਦੱਸਿਆ ਕਿ ਇਸੇ ਦੇ ਚਲਦੇ ਰਾਜ ਨਿਸ਼ਾਦ ਆਪਣੀ ਪਤਨੀ ਦੀ ਹਰ ਰੋਜ਼ ਕੁੱਟਮਾਰ ਕਰਦਾ ਸੀ। ਬੀਤੀ ਰਾਤ ਵੀ ਕੁਝ ਅਜਿਹਾ ਹੀ ਹੋਇਆ। ਬੁਰੀ ਤਰ੍ਹਾਂ ਕੁੱਟਮਾਰ ਕਰਨ ਤੋਂ ਬਾਅਦ ਮੁਲਜ਼ਮ ਨੇ ਕਿਰਨ ਦੇਵੀ ਦਾ ਗਲ਼ਾ ਦਬਾ ਕੇ ਉਸ ਦੀ ਹੱਤਿਆ ਕਰ ਦਿੱਤੀ। ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਮਾਮਲੇ ‘ਚ ਜਾਂਚ ਅਧਿਕਾਰੀ ਇੰਸਪੈਕਟਰ ਗਗਨਦੀਪ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਮੋਤੀ ਦੇਵੀ ਦੇ ਬਿਆਨ ਉਪਰ ਰਾਜ ਨਿਸ਼ਾਦ ਖਿਲਾਫ ਕਤਲ ਦਾ ਮੁਕੱਦਮਾ ਦਰਜ ਕਰਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।