ਸਾਬਕਾ ਖੇਡ ਮੰਤਰੀ ਰਾਣਾ ਸੋਢੀ ਦੇ ਹਲਕੇ ‘ਚ ਮੁੱਖ ਮੰਤਰੀ ਚੰਨੀ ਦਾ ਵਿਰੋਧ

0
73

ਗੁਰੂ ਹਰਸਹਾਏ (TLT) ਪੰਜਾਬ ਦੇ ਸਾਬਕਾ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਹਲਕੇ ਵਿਚ ਵਿਕਾਸ ਕਾਰਜਾਂ ਦੇ ਨੀਂਹ ਪੱਥਰਾਂ ਦੀ ਝੜੀ ਲਾਉਣ ਆਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵੱਖ-ਵੱਖ ਜਥੇਬੰਦੀਆਂ ਵੱਲੋਂ ਡਟਵਾਂ ਵਿਰੋਧ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਦਾ ਵਿਰੋਧ ਇਸ ਕਦਰ ਯੋਜਨਾਬੱਧ ਸੀ ਕਿ ਵੀਰਵਾਰ ਨੂੰ ਹਲਕਾ ਗੁਰੂ ਹਰਸਹਾਏ ਦੇ ਜਿਸ ਵੀ ਇਲਾਕੇ ਵਿਚ, ਜਿੱਥੇ ਵੀ ਮੁੱਖ ਮੰਤਰੀ ਚੰਨੀ ਜਾਂਦੇ ਉੱਥੇ ਹੀ ਉਨ੍ਹਾਂ ਨੂੰ ਨਾ ਸਿਰਫ਼ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪੈਂਦਾ ਸਗੋਂ ਉਨ੍ਹਾਂ ਦੀਆਂ ਗੱਡੀਆਂ ਨੂੰ ਵੀ ਘੇਰ ਲਿਆ ਜਾਂਦਾ।

ਆਲਮ ਇਹ ਸੀ ਕਿ ਕਈ ਥਾਈਂ ਤਾਂ ਮੁੱਖ ਮੰਤਰੀ ਨੂੰ ਗੱਡੀਆਂ ਬਦਲ ਬਦਲ ਕੇ ਕੱਢਿਆ ਗਿਆ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀਰਵਾਰ ਨੂੰ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਹਾਲਕਾ ਗੁਰੂ ਹਰਸਹਾਏ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਣ ਲਈ ਆਏ ਸਨ। ਇਸ ਦੌਰਾਨ ਜਿਵੇਂ ਹੀ ਸਬ ਡਵੀਜ਼ਨਲ ਪ੍ਰਬੰਧਕੀ ਕੰਪਲੈਕਸ ਦਾ ਨੀਂਹ ਪੱਥਰ ਰੱਖਣ ਮੌਕੇ ਚੰਨੀ ਸਟੇਜ਼ ਤੋਂ ਸੰਬੋਧਨ ਕਰਨ ਲੱਗੇ ਤਾਂ ਕੱਚੇ ਮੁਲਾਜ਼ਮਾਂ, ਈਟੀਟੀ ਅਧਿਆਪਕਾਂ ਅਤੇ ਹੋਰ ਜਥੇਬੰਦੀਆਂ ਦੇ ਮੈਂਬਰਾਂ ਵੱਲੋਂ ਉਨ੍ਹਾਂ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ। ਹਾਲਾਤ ਇਸ ਕਦਰ ਤਣਾਅ ਪੂਰਨ ਹੋ ਗਏ ਕਿ ਕੁਝ ਥਾਵਾਂ ‘ਤੇ ਕਾਂਗਰਸੀ ਵਰਕਰ ਪ੍ਰਦਰਸ਼ਨਕਾਰੀਆਂ ਨਾਲ ਭਿੜਦੇ ਵੇਖੇ ਗਏ। ਇਸ ਮੌਕੇ ਰਮਾ ਗੁਰਮੀਤ ਸਿੰਘ ਸੋਢੀ ਵੀ ਤਲਖੀ ਭਰੇ ਅੰਦਾਜ਼ ਵਿਚ ਪ੍ਰਦਰਸ਼ਨਕਾਰੀਆਂ ਨੂੰ ਚਿਤਾਵਨੀ ਦਿੰਦੇ ਨਜ਼ਰ ਆਏ।

ਪ੍ਰਦਰਸ਼ਨਕਾਰੀਆਂ ਦਾ ਵਿਰੋਧ ਵੇਖਦਿਆਂ ਚੰਨੀ ਜਦੋਂ ਉੱਥੋਂ ਜਾਣ ਲੱਗੇ ਤਾਂ ਉਨ੍ਹਾਂ ਦੀਆਂ ਗੱਡੀਆਂ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਆਪਣੇ ਕਾਫ਼ਲੇ ਵਿਚ ਹੀ ਮੌਜੂਦ ਕਿਸੇ ਹੋਰ ਗੱਡੀ ਵਿਚ ਬਿਠਾ ਕੇ ਚੰਨੀ ਨੂੰ ਉੱਥੋਂ ਕੱਢਿਆ ਗਿਆ। ਇਸ ਤੋਂ ਬਾਅਦ ਜਿੱਥੇ-ਜਿੱਥੇ ਵੀ ਚੰਨੀ ਨੀਂਹ ਪੱਥਰ ਰੱਖਣ ਜਾਂਦੇ ਰਹੇ ,ਉੱਥੇ ਹੀ ਯੋਜਨਾਬੱਧ ਢੰਗ ਨਾਲ ਚੰਨੀ ਨੂੰ ਪ੍ਰਦਰਸ਼ਨਕਾਰੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਰਿਹਾ।