ਪੰਜਾਬ ਪੁਲਿਸ ਦਾ ਸਥਾਪਤ ਹੋਵੇਗਾ ਵੱਖਰਾ ਸੁਰੱਖਿਆ ਵਿੰਗ : ਰੰਧਾਵਾ

0
65

ਪਟਿਆਲਾ (TLT) ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਜਿਹਡ਼ੇ ਲੋਕਾਂ ਦੀ ਜਾਨ ਨੂੰ ਖ਼ਤਰਾ ਹੈ, ਨੂੰ ਸੁਰੱਖਿਆ ਛੱਤਰੀ ਮੁਹੱਈਆ ਕਰਵਾਉਣ ਲਈ ਜਾਂ ਵੀਆਈਪੀ ਸੁਰੱਖਿਆ ਲਈ ਪੰਜਾਬ ਪੁਲਿਸ ਦਾ ਵੱਖਰਾ ਸੁਰੱਖਿਆ ਵਿੰਗ ਬਣਾਇਆ ਜਾ ਰਿਹਾ ਹੈ ਜਿਸ ਤਹਿਤ ਜ਼ਿਲ੍ਹਿਆਂ ਦੀ ਬਜਾਏ ਹੁਣ ਮੁੱਖ ਦਫ਼ਤਰ ਚੰਡੀਗਡ਼੍ਹ ਤੋਂ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ। ਇਸ ਫੋਰਸ ਨੂੰ ਵੱਖਰੀ ਵਰਦੀ, ਸਿਖਲਾਈ ਤੇ ਆਧੁਨਿਕ ਹਥਿਆਰ ਵੀ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਲਈ ਅਜਿਹੇ ਪ੍ਰਬੰਧ ਕੀਤੇ ਜਾ ਰਹੇ ਹਨ ਕਿ ਡਿਊਟੀ ’ਤੇ ਖਡ਼੍ਹੇ ਮੁਲਾਜ਼ਮਾਂ ਲਈ ਲੰਗਰ ਤੇ ਚਾਹ-ਪਾਣੀ ਦਾ ਬੰਦੋਬਸਤ ਵੀ ਹੁਣ ਖ਼ੁਦ ਪੁਲਿਸ ਵੱਲੋਂ ਕੀਤਾ ਜਾਵੇਗਾ। ਰੰਧਾਵਾ ਅੱਜ ਇੱਥੇ ਪੁਲਿਸ ਲਾਈਨ ਵਿਖੇ ਰਾਜ ਦੇ ਥਾਣਿਆਂ ’ਚ ਪਏ ਲੋਕਾਂ ਦੇ ਸਾਮਾਨ ਨੂੰ ਲੋਕਾਂ ਦੇ ਸਪੁਰਦ ਕਰਨ ਲਈ ਪੰਜਾਬ ਪੁਲਿਸ ਵੱਲੋਂ ਆਰੰਭੀ ਰਾਜ ਪੱਧਰੀ ਮੁਹਿੰਮ ਦੀ ਸ਼ੁਰੂਆਤ ਕਰਵਾਉਣ ਪੁੱਜੇ ਹੋਏ ਸਨ। ਉਨ੍ਹਾਂ ਦੇ ਨਾਲ ਪੰਜਾਬ ਪੁਲਿਸ ਦੇ ਮੁਖੀ ਇਕਬਾਲ ਪ੍ਰੀਤ ਸਿੰਘ ਸਹੋਤਾ ਵੀ ਮੌਜੂਦ ਸਨ।

ਰੰਧਾਵਾ ਨੇ ਕਿਹਾ ਹੈ ਕਿ ਪੰਜਾਬ ਪੁਲਿਸ, ਹਿੰਦੁੋਸਤਾਨ ਦੀ ਸਭ ਤੋਂ ਬਿਹਤਰ ਪੁਲਿਸ ਹੈ ਅਤੇ ਇਹ ਪੰਜਾਬ ਦੀ ਸੁਰੱਖਿਆ ਕਰਨ ਸਮੇਤ ਹਰ ਪੱਖੋਂ ਅਮਨ-ਅਮਾਨ ਕਾਇਮ ਰੱਖਣ ਲਈ ਪੂਰੀ ਤਰ੍ਹਾਂ ਸਮਰੱਥ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਅਜਿਹੇ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਕਿ ਆਨਲਾਈਨ ਠੱਗੀ ਦੇ ਮਾਮਲਿਆਂ ਸਮੇਤ ਸਾਈਬਰ ਕ੍ਰਾਈਮ ਦੇ ਮਾਮਲਿਆਂ ਨੂੰ ਨਿਰਧਾਰਤ ਸਮੇਂ ’ਚ ਹੱਲ ਕੀਤਾ ਜਾਵੇਗਾ। ਰੱਦ ਕੀਤੀ ਗਈ ਸਬ ਇੰਸਪੈਕਟਰਾਂ ਦੀ ਭਰਤੀ ਮੁਡ਼ ਕਰਵਾਈ ਜਾਵੇਗੀ। ਉਨ੍ਹਾਂ ਪਟਿਆਲਾ ਪੁਲਿਸ ਲਾਈਨ ਦੇ ਸਟੇਡੀਅਮ ਲਈ 2 ਕਰੋਡ਼ ਰੁਪਏ ਤੇ ਪੁਲਿਸ ਵੈੱਲਫੇਅਰ ਫੰਡ ਲਈ 20 ਲੱਖ ਰੁਪਏ ਦੇਣ ਦਾ ਐਲਾਨ ਕੀਤਾ।

ਇਸ ਮੌਕੇ ਰੰਧਾਵਾ ਨੇ ਪਟਿਆਲਾ ਜ਼ਿਲ੍ਹੇ ’ਚ 248 ਮੁਕੱਦਮਿਆਂ ਨਾਲ ਸਬੰਧਤ 32.5 ਕਰੋਡ਼ ਰੁਪਏ ਦੇ ਸਾਮਾਨ ਸਮੇਤ 184 ਵਹੀਕਲ ਵੀ ਲੋਕਾਂ ਦੇ ਸਪੁਰਦ ਕੀਤੇ। ਉਨ੍ਹਾਂ ਦੱਸਿਆ ਕਿ ਹਰ ਜ਼ਿਲ੍ਹੇ ’ਚ ਹੁਣ ਅਜਿਹੇ ਪ੍ਰਬੰਧ ਕਰ ਦਿੱਤੇ ਗਏ ਹਨ ਕਿ ਦਾਜ ਦੇ ਮਾਮਲਿਆਂ ’ਚ ਪਿਆ ਸਾਮਾਨ ਵੀ ਤੁਰੰਤ ਲੋਕਾਂ ਦੇ ਸਪੁਰਦ ਕੀਤਾ ਜਾਵੇ ਅਤੇ ਮਾਲਖ਼ਾਨੇ ਖਾਲੀ ਕੀਤੇ ਜਾਣ ਤਾਂ ਕਿ ਲੋਕਾਂ ਦਾ ਸਾਮਾਨ ਖਰਾਬ ਨਾ ਹੋਵੇ।

ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਮੁਖੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਦੱਸਿਆ ਕਿ ਲੋਕਾਂ ਨੂੰ ਨਿਆਂ ਦਿਵਾਉਣ ਲਈ ਪੰਜਾਬ ਪੁਲਿਸ ਨਿਰੰਤਰ ਉਪਰਾਲੇ ਕਰ ਰਹੀ ਹੈ। ਸਹੋਤਾ ਨੇ ਕਿਹਾ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ।