ਹੁਣ ਅੰਗਰੇਜ਼ੀ ਦੇ ਲੈਕਚਰਾਰ ਕਰਨਗੇ ਪੰਜਾਬੀ ਭਾਸ਼ਾ ਦਾ ਪ੍ਰਚਾਰ-ਪ੍ਰਸਾਰ, ਅੰਗਰੇਜ਼ੀ ਵਿਸ਼ੇ ਦੇ ਤਿੰਨ ਲੈਕਚਰਾਰਾਂ ਨੂੰ ਬਣਾਇਆ ਜ਼ਿਲ੍ਹਾ ਭਾਸ਼ਾ ਅਫ਼ਸਰ

0
50

ਬਠਿੰਡਾ (TLT) ਹੁਣ ਅੰਗਰੇਜ਼ੀ ਵਿਸ਼ੇ ਦੇ ਮਾਹਰ ਲੈਕਚਰਾਰ ਪੰਜਾਬੀ ਭਾਸ਼ਾ ਦਾ ਵਿਕਾਸ ਕਰਨਗੇ। ਭਾਸ਼ਾ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਹਾਲ ਹੀ ਵਿਚ ਸਰਕਾਰੀ ਸਕੂਲਾਂ ਵਿਚ ਤੈਨਾਤ ਲੈਕਚਰਾਰਾਂ ਨੂੰ ਜ਼ਿਲ੍ਹਾ ਭਾਸ਼ਾ ਅਫ਼ਸਰ ਤੈਨਾਤ ਕੀਤਾ ਗਿਆ ਹੈ ਪਰ ਉਨ੍ਹਾਂ ਵਿਚੋਂ ਤਿੰਨ ਲੈਕਚਰਾਰ ਅੰਗਰੇਜ਼ੀ ਭਾਸ਼ਾ ਦੇ ਹਨ। ਇਹ ਤਿੰਨ ਲੈਕਚਰਾਰ ਹਨ ਤਾਂ ਅੰਗਰੇਜ਼ੀ ਵਿਸ਼ੇ ਦੇ ਪਰ ਇਨ੍ਹਾਂ ਨੂੰ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਬੁੱਧਵਾਰ ਨੂੰ ਸਿੱਖਿਆ ਮੰਤਰੀ ਤੇ ਭਾਸ਼ਾ ਮੰਤਰੀ ਪਰਗਟ ਸਿੰਘ ਵੱਲੋਂ ਉਨ੍ਹਾਂ ਨੂੰ ਤੈਨਾਤੀ ਪੱਤਰ ਵੀ ਸੌਂਪ ਦਿੱਤੇ ਗਏ ਹਨ। ਪੰਜਾਬ ਵਿਚ ਇਸ ਸਮੇਂ 21 ਜ਼ਿਲ੍ਹਿਆਂ ਵਿਚ ਜ਼ਿਲ੍ਹਾ ਭਾਸ਼ਾ ਅਫ਼ਸਰਾਂ ਦੀਆਂ ਅਸਾਮੀਆਂ ਖ਼ਾਲੀ ਪਈਆਂ ਹਨ। ਬੁੱਧਵਾਰ ਨੂੰ 15 ਲੈਕਚਰਾਰਾਂ ਨੂੰ ਜ਼ਿਲ੍ਹਾ ਭਾਸ਼ਾ ਅਫ਼ਸਰ ਤੈਨਾਤ ਕਰ ਦਿੱਤਾ ਗਿਆ ਪਰ ਕਿਰਪਾਲ ਸਿੰਘ ਨੇ ਤੈਨਾਤੀ ਪੱਤਰ ਮਿਲਣ ਤੋਂ ਬਾਅਦ ਇਸ ਡੈਪੂਟੇਸ਼ਨ ਨੂੰ ਨਕਾਰ ਦਿੱਤਾ ਕਿਉਂਕਿ ਉਨ੍ਹਾਂ ਨੂੰ ਬਰਨਾਲਾ ਦਾ ਜ਼ਿਲ੍ਹਾ ਭਾਸ਼ਾ ਅਫਸਰ ਲਾਇਆ ਗਿਆ ਸੀ। ਪਿਛਲੇ 25 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਜ਼ਿਲ੍ਹਾ ਭਾਸ਼ਾ ਅਫ਼ਸਰਾਂ ਦੀ ਭਰਤੀ ਨਹੀਂ ਹੋਈ। ਜਿਸ ਕਾਰਨ 21 ਜ਼ਿਲ੍ਹਾ ਭਾਸ਼ਾ ਅਫ਼ਸਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਹੁਣ ਵੀ ਜ਼ਿਲ੍ਹਾ ਭਾਸ਼ਾ ਅਫ਼ਸਰਾਂ ਦੀ ਭਰਤੀ ਨਹੀਂ ਕੀਤੀ ਗਈ, ਬਲਕਿ ਤਿੰਨ ਸਾਲ ਦੇ ਲਈ ਲੈਕਚਰਾਰਾਂ ਨੂੰ ਡੈਪੂਟੇਸ਼ਨ ’ਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਲਾ ਕੇ ਕੰਮ ਚਲਾ ਦਿੱਤਾ ਗਿਆ ਹੈ। ਭਾਸ਼ਾ ਵਿਭਾਗ ਵੱਲੋਂ ਜ਼ਿਲ੍ਹਾ ਭਾਸ਼ਾ ਅਫ਼ਸਰ ਦੀ ਅਸਾਮੀ ਲਈ ਚੁਣੇ ਗਏ 15 ਲੈਕਚਰਾਰਾਂ ਵਿਚੋਂ 12 ਪੰਜਾਬੀ ਦੇ ਹਨ ਜਦਕਿ ਤਿੰਨ ਅੰਗਰੇਜ਼ੀ ਵਿਸ਼ੇ ਦੇ ਹਨ। ਅੰਗਰੇਜ਼ੀ ਵਿਸ਼ੇ ਦੇ ਲੈਕਚਰਾਰਾਂ ਵਿਚ ਰਣਜੋਧ ਸਿੰਘ ਹੈ ਜੋ ਪਹਿਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਲਾਰਾਂ ਪਟਿਆਲਾ ਵਿਚ ਅੰਗਰੇਜ਼ੀ ਦੇ ਲੈਕਚਰਾਰ ਤਾਇਨਾਤ ਹਨ, ਜਦੋਂ ਕਿ ਭੁਪਿੰਦਰ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੂਰੜਖੇੜਾ ਫਾਜ਼ਿਲਕਾ ਵਿਚ ਅੰਗਰੇਜ਼ੀ ਵਿਸ਼ੇ ਦੇ ਲੈਕਚਰਾਰ ਤੈਨਾਤ ਹਨ। ਇਸੇ ਤਰ੍ਹਾਂ ਅਮਿਤ ਸੇਤੀਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਹੰਮਦ ਖੀਰਾ ਫ਼ਾਜ਼ਿਲਕਾ ਵਿਚ ਅੰਗਰੇਜ਼ੀ ਵਿਸ਼ੇ ਦੇ ਲੈਕਚਰਾਰ ਤਾਇਨਾਤ ਹਨ। ਇਨ੍ਹਾਂ ਨੂੰ ਜ਼ਿਲ੍ਹਾ ਭਾਸ਼ਾ ਅਫ਼ਸਰ ਤੈਨਾਤ ਕੀਤਾ ਗਿਆ ਹੈ।

ਭਾਸ਼ਾ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਜਦੋਂ ਸਿੱਖਿਆ ਵਿਭਾਗ ਦੇ ਸਕੱਤਰ ਸਨ ਤਾਂ ਉਨ੍ਹਾਂ ਨੇ ਸਾਰੇ ਅਧਿਆਪਕਾਂ ਦੇ ਡੈਪੂਟੇਸ਼ਨ ਰੱਦ ਕਰ ਦਿੱਤੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਅਧਿਆਪਕਾਂ ਦਾ ਕੰਮ ਸਿਰਫ਼ ਪੜਾਉਣਾ ਹੈ, ਪੜਾਈ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਲਿਆ ਜਾ ਸਕਦਾ। ਇਸ ਕਾਰਨ ਸਾਰੇ ਡੈਪੂਟੇਸ਼ਨ ਰੱਦ ਕਰਕੇ ਉਨ੍ਹਾਂ ਨੂੰ ਵਾਪਸ ਬੁਲਾਇਆ ਗਿਆ ਸੀ ਪਰ ਹੁਣ ਖੁਦ ਹੀ ਵਿਦਿਆਰਥੀਆਂ ਦੀ ਪੜ੍ਹਾਈ ਦਾ ਧਿਆਨ ਨਾ ਰੱਖਦੇ ਹੋਏ ਲੈਕਚਰਾਰਾਂ ਨੂੰ ਸਕੂਲਾਂ ਤੋਂ ਬੁਲਾ ਕੇ ਡੈਪੂਟੇਸ਼ਨ ’ਤੇ ਭਾਸ਼ਾ ਵਿਭਾਗ ’ਚ ਬੁਲਾ ਲਿਆ।