ਤਰਨਤਾਰਨ ’ਚ ਫਿਰ ਹੋਈ ਖਾਕੀ ਦਾਗਦਾਰ, 6.68 ਲੱਖ ਲੈ ਕੇ ਛੱਡਿਆ ਅਫੀਮ ਤਸਕਰ

0
73

ਤਰਨਤਾਰਨ (tlt) ਤਰਨਤਾਰਨ ’ਚ ਇਕ ਵਾਰ ਫਿਰ ਖਾਕੀ ਦਾਗਦਾਰ ਹੋਈ ਹੈ। ਹੁਣ ਤਰਨਤਾਰਨ ਦੀ ਟਾਊਨ ਚੌਂਕੀ ਦੇ ਇੰਚਾਰਜ ਏਐੱਸਆਈ ਹਰਪਾਲ ਸਿੰਘ ’ਤੇ 6.68 ਲੱਖ ਰੁਪਏ ਲੈ ਕੇ ਅਫੀਮ ਸਮੱਗਲਰ ਨੂੰ ਛੱਡਣ ਦਾ ਦੋਸ਼ ਲੱਗਾ ਹੈ। ਉਕਤ ਏਐੱਸਆਈ ਵਿਰੁੱਧ ਕੇਸ ਦਰਜ ਕਰਕੇ ਪੁਲਿਸ ਨੇ ਉਸ ਨੂੰ ਬਕਾਇਦਾ ਗਿ੍ਰਫਤਾਰ ਵੀ ਕਰ ਲਿਆ ਹੈ।

ਡੀਐੱਸਪੀ ਸਬ ਡਵੀਜਨ ਤਰਨਤਾਰਨ ਬਰਜਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਚੌਂਕੀ ਟਾਊਨ ਤਰਨਤਾਰਨ ਦੇ ਇੰਚਾਰਜ ਏਐੱਸਆਈ ਹਰਪਾਲ ਸਿੰਘ ਦੇ ਡਰੱਗ ਸਮੱਗਲਰਾਂ ਨਾਲ ਸਬੰਧ ਹਨ ਅਤੇ ਨੇ ਕੁਝ ਦਿਨ ਪਹਿਲਾਂ ਹੀ ਦਇਆ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਅਲਗੋਂਕੋਠੀ ਜੋ ਰਾਜਸਥਾਨ ਤੋਂ ਅਫੀਮ ਲਿਆ ਕੇ ਵੇਚਦਾ ਹੈ ਨੂੰ 15 ਕਿੱਲੋ ਅਫੀਮ ਸਮੇਤ ਫੜਿਆ ਅਤੇ ਫਿਰ ਉਸ ਕੋਲੋਂ 6 ਲੱਖ 68 ਹਜਾਰ ਰੁਪਏ ਲੈ ਕੇ ਅਫੀਮ ਸਮੇਤ ਛੱਡ ਦਿੱਤਾ। ਉਨ੍ਹਾਂ ਦੱਸਿਆ ਏਐੱਸਆਈ ਹਰਪਾਲ ਸਿੰਘ ਤੇ ਦਇਆ ਸਿੰਘ ਵਿਰੁੱਧ ਥਾਣਾ ਸਿਟੀ ਤਰਨਤਾਰਨ ’ਚ ਮੁਕੱਦਮਾਂ ਦਰਜ ਕੀਤਾ ਗਿਆ ਹੈ ਅਤੇ ਏਐੱਸਆਈ ਹਰਪਾਲ ਸਿੰਘ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਜਿਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸਣਾ ਬਣਦਾ ਹੈ ਕਿ ਕੁਝ ਦਿਨ ਪਹਿਲਾਂ ਹੀ ਸਪੈਸ਼ਲ ਸਟਾਫ ਵਿਚ ਤਾਇਨਾਤ ਦੋ ਹੈੱਡ ਕਾਂਸਟੇਬਲ ਅਤੇ ਦੋ ਕਾਂਸਟੇਬਲਾਂ ਵਿਰੁੱਧ 20 ਕਿੱਲੋ ਅਫੀਮ ਸਮੇਤ ਫੜੇ ਦੋ ਸਮੱਗਲਰ ਭਰਾਵਾਂ ਨੂੰ 40 ਲੱਖ ਦੀ ਰਿਸ਼ਵਤ ਲੈ ਕੇ ਛੱਡਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਵਿਚ ਨਾਮਜਦ ਦੋ ਕਾਂਸਟੇਬਲ ਗਿ੍ਰਫਤਾਰ ਹੋ ਚੁੱਕੇ ਹਨ ਅਤੇ ਦੋ ਹੈੱਡ ਕਾਂਸਟੇਬਲ ਹਾਲੇ ਵੀ ਫਰਾਰ ਹਨ।