38ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ

0
70

ਪੰਜਾਬ ਪੁਲਿਸ ਸੈਮੀਫਾਇਨਲ ਵਿੱਚ, ਇੰਡੀਅਨ ਏਅਰ ਫੋਰਸ ਨੇ ਬੀਐਸਐਫ ਜਲੰਧਰ ਨੂੰ 4-1 ਨਾਲ ਹਰਾਇਆ

ਜਲੰਧਰ (ਰਮੇਸ਼ ਗਾਬਾ) ਪੰਜਾਬ ਪੁਲਿਸ ਜਲੰਧਰ ਨੇ ਆਰਮੀ ਇਲੈਵਨ ਨੂੰ 1-0 ਦੇ ਫਰਕ ਨਾਲ ਹਰਾ ਕੇ 38ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਸੈਮੀਫਾਇਨਲ ਵਿੱਚ ਪ੍ਰਵੇਸ਼ ਕਰ ਲਿਆ। ਇਸ ਤੋਂ ਪਹਿਲਾਂ ਹੋਏ ਮੈਚ ਵਿੱਚ ਇੰਡੀਅਨ ਏਅਰ ਫੋਰਸ ਦਿੱਲੀ ਨੇ ਬੀਐਸਐਫ ਜਲੰਧਰ ਨੂੰ 4-1 ਦੇ ਫਰਕ ਨਾਲ ਹਰਾ ਕੇ ਪਹਿਲੀ ਜਿੱਤ ਦਰਜ ਕੀਤੀ ਹੈ। ਜਲੰਧਰ ਕੈਂਟ ਦੇ ਕਟੋਚ ਐਸਟਰੋਟਰਫ ਹਾਕੀ ਸਟੇਡੀਅਮ ਵਿਖੇ ਜਾਰੀ ਉਕਤ ਟੂਰਨਾਮੈਂਟ ਦੋ ਪੰਜਵੇਂ ਦਿਨ ਦੋ ਮੈਚ ਖੇਡੇ ਗਏ।

ਪਹਿਲਾ ਮੈਚ ਪੂਲ ਸੀ ਵਿੱਚ ਬੀਐਸਐਫ ਜਲੰਧਰ ਅਤੇ ਇੰਡੀਅਨ ਏਅਰ ਫੋਰਸ ਦਿੱਲੀ ਦਰਮਿਆਨ ਖੇਡਿਆ ਗਿਆ। ਖੇਡ ਦੇ ਪਹਿਲੇ ਹੀ ਮਿੰਟ ਵਿੱਚ ਬੀਐਸਐਫ ਦੇ ਸੰਜੀਵ ਕੁਮਾਰ ਨੇ ਗੋਲ ਕਰਕੇ ਖਾਤਾ ਖੋਲ੍ਹਿਆ। ਖੇਡ ਦੇ 21ਵੇਂ ਮਿੰਟ ਵਿੱਚ ਏਅਰ ਫੋਰਸ ਦੇ ਕ੍ਰਿਅੱਪਾ ਐਮਬੀ ਨੇ ਗੋਲ ਕਰਕੇ ਬਰਾਬਰੀ ਕੀਤੀ। ਅਗਲੇ ਹੀ ਮਿੰਟ ਏਅਰ ਫੋਰਸ ਦੇ ਮਨਿਪ ਕੈਰਕਟਾ ਨੇ ਗੋਲ ਕਰਕੇ ਸਕੋਰ 2-1 ਕੀਤਾ। ਖੇਡ ਦੇ ਤੀਜੇ ਕਵਾਰਟਰ ਦੇ 31ਵੇਂ ਮਿੰਟ ਵਿੱਚ ਸੁਖਦੇਵ ਸਿੰਘ ਨੇ ਗੋਲ ਕਰਕੇ ਸਕੋਰ 3-1 ਕੀਤਾ। ਖੇਡ ਦੇ ਆਖਰੀ ਮਿੰਟ ਵਿੱਚ ਏਅਰ ਫੋਰਸ ਦੇ ਕ੍ਰਿਅੱਪਾ ਐਮਬੀ ਨੇ ਗੋਲ ਕਰਕੇ ਸਕੋਰ 4-1 ਕਰਕੇ ਮੈਚ ਆਪਣੇ ਨਾਂਅ ਕੀਤਾ। ਇੰਡੀਅਨ ਏਅਰ ਫੋਰਸ ਨੇ ਆਪਣੇ ਦੋ ਲੀਗ ਮੈਚਾਂ ਵਿੱਚ ਇਕ ਜਿੱਤ ਅਤੇ ਇਕ ਹਾਰ ਨਾਲ ਕੁਲ ਤਿੰਨ ਅੰਕ ਹਾਸਲ ਕੀਤੇ ਹਨ। ਇਸ ਤੋਂ ਪਹਿਲਾਂ ਏਅਰ ਫੋਰਸ ਨੂੰ ਪੰਜਾਬ ਐਂਡ ਸਿੰਧ ਬੈਂਕ ਨੇ ਮਾਤ ਦਿੱਤੀ ਸੀ। 29 ਅਕਤੂਬਰ ਨੂੰ ਪੰਜਾਬ ਐਂਡ ਸਿੰਧ ਬੈਂਕ ਅਤੇ ਬੀਐਸਐਫ ਦਰਮਿਆਨ ਆਖਰੀ ਲੀਗ ਮੈਚ ਹੋਵੇਗਾ।

ਦੂਜਾ ਮੈਚ ਬੀ ਵਿੱਚ ਪੰਜਾਬ ਪੁਲਿਸ ਅਤੇ ਆਰਮੀ ਇਲੈਵਨ ਦਰਮਿਆਨ ਖੇਡਿਆ ਗਿਆ। ਖੇਡ ਦਾ ਪਹਿਲਾ ਕਵਾਰਟਰ ਬਿਨ੍ਹਾਂ ਕਿਸੇ ਗੋਲ ਦੇ ਬਰਾਬਰੀ ਤੇ ਰਿਹਾ। ਖੇਡ ਦੇ ਦੂਜੇ ਕਵਾਰਟਰ ਦੇ 19ਵੇਂ ਮਿੰਟ ਵਿੱਚ ਪੰਜਾਬ ਪੁਲਿਸ ਦੇ ਰਮਨ ਨੇ ਮੈਦਾਨੀ ਗੋਲ ਕਰਕੇ ਸਕੋਰ 1-0 ਕੀਤਾ।   ਅੱਧੇ ਸਮੇਂ ਤੱਕ ਪੰਜਾਬ ਪੁਲਿਸ 1-0 ਨਾਲ ਅੱਗੇ ਸੀ। ਅੱਧੇ ਸਮੇਂ ਤੋਂ ਬਾਅਦ ਆਰਮੀ ਇਲੈਵਨ ਨੇ ਗੋਲ ਕਰਨ ਲਈ ਲਗਾਤਾਰ ਹਮਲੇ ਕੀਤੇ ਪਰ ਪੁਲਿਸ ਦੀ ਮਜ਼ਬੂਰ ਰੱਖਿਆ ਪੰਕਤੀ ਨੇ ਉਨ੍ਹਾਂ ਨੂੰ ਗੋਲ ਕਰਨ ਤੋਂ ਰੋਕੀ ਰੱਖਿਆ। ਨਿਰਧਾਰਤ ਸਮੇਂ ਦੇ ਅੰਤ ਤੱਕ ਸਕੋਰ 1-0 ਰਹਿਣ ਕਰਕੇ ਪੁਲਿਸ ਦੀ ਟੀਮ ਨੂੰ ਜਿੱਤ ਮਿਲੀ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਰੇਲ ਕੋਚ ਫੈਕਟਰੀ ਕਪੂਰਥਲਾ ਨੂੰ ਹਰਾਇਆ ਸੀ। ਲਗਾਤਾਰ ਦੋ ਲੀਗ ਮੈਚਾਂ ਵਿੱਚ ਜਿੱਤ ਹਾਸਲ ਕਰਕੇ 6 ਅੰਕ ਬਟੋਰ ਕੇ ਪੁਲਿਸ ਸੈਮੀਫਾਇਨਲ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣੀ।
ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਸ਼ੁਸ਼ੀਲ ਰਿੰਕੂ (ਐਮਐਲਏ), ਅਮੋਲਕ ਸਿੰਘ ਗਾਖਲ (ਯੂਐਸਏ) ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ਤੇ ਬਲਦੇਵ ਸਿੰਘ (ਯੂਕੇ), ਪਿੰਦੂ ਜੋਹਲ (ਯੂਕੇ), ਪਰਮਵੀਰ ਸਿੰਘ, ਐਲ ਆਰ ਨਈਅਰ, ਲਖਵਿੰਦਰ ਪਾਲ ਸਿੰਘ ਖਹਿਰਾ, ਅਮਰੀਕ ਸਿੰਘ ਪੁਆਰ, ਕ੍ਰਿਪਾਲ ਸਿੰਘ ਮਠਾਰੂ, ਸੁਰਿੰਦਰ ਸਿੰਘ ਭਾਪਾ, ਗੁਰਵਿੰਦਰ ਸਿੰਘ ਗੁਲੂ, ਰਾਮ ਪ੍ਰਤਾਪ, ਨਰਿੰਦਰਪਾਲ ਸਿੰਘ ਜੱਜ, ਕੁਲਜੀਤ ਸਿੰਘ ਫੁਟੱਬਾਲਰ, ਹਰਿੰਦਰ ਸਿੰਘ ਗਿੱਲ, ਰਣਬੀਰ ਸਿੰਘ ਰਾਣਾ ਟੁੱਟ,  ਤਰਸੇਮ ਸਿੰਘ ਪੁਆਰ, ਸੁਖਵਿੰਦਰ ਸਿੰਘ ਲਾਲੀ,  ਕੁਲਵਿੰਦਰ ਸਿੰਘ ਥਿਆੜਾ, ਉਲੰਪੀਅਨ ਰਜਿੰਦਰ ਸਿੰਘ, ਨੱਥਾ ਸਿੰਘ ਗਾਖਲੇ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।