31 ਅਕਤੂਬਰ ਤਕ ਸਰਕਾਰੀ ਦਫ਼ਤਰਾਂ ‘ਚ ਕੰਮਕਾਜ ਠੱਪ, ਹੜਤਾਲੀ ਮੁਲਾਜ਼ਮਾਂ ਨੇ RTA Office ਵੀ ਕਰਵਾਇਆ ਬੰਦ

0
271

ਜਲੰਧਰ (ਹਰਪ੍ਰੀਤ ਕਾਹਲੋਂ) ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਕਲਮਛੋੜ ਹੜਤਾਲ ਕਾਰਨ ਮੰਗਲਵਾਰ ਨੂੰ ਰੀਜ਼ਨਲ ਟਰਾਂਸਪੋਰਟ ਅਥਾਰਟੀ ਦਫ਼ਤਰ ਸਣੇ ਦੀਆਂ ਸਰਕਾਰੀ ਵਿਭਾਗਾਂ ‘ਚ ਆਮ ਲੋਕਾਂ ਦੇ ਕੰਮਕਾਜ ਨਹੀਂ ਹੋ ਸਕੇ। ਉਨ੍ਹਾਂ ਨੇ ਨਿਰਾਸ਼ ਹੋ ਕੇ ਘਰ ਵਾਪਸ ਜਾਣਾ ਪਿਆ ਹੈ। ਮੰਗਲਵਾਰ ਨੂੰ ਆਰਟੀਏ ਦਫ਼ਤਰ ਖੁੱਲ੍ਹਾ ਸੀ ਪਰ ਇੱਥੇ ਕੰਮ ਬੰਦ ਕਰਵਾ ਦਿੱਤਾ ਗਿਆ। ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸੁਖਜੀਤ ਸਿੰਘ ਦੀ ਅਗਵਾਈ ‘ਚ ਮੈਂਬਰ ਆਰਟੀਏ ਦਫ਼ਤਰ ਪਹੁੰਚੇ ਤੇ ਖਿੜਕੀ ਨੰਬਰ ਪੰਜ ‘ਤੇ ਕੰਮ ਕਰ ਰਹੇ ਕਰਮਚਾਰੀ ਨੂੰ ਕੰਮ ਨਾ ਕਰਨ ਲਈ ਕਹਿ ਦਿੱਤਾ।

ਫਿਲਹਾਲ ਯੂਨੀਅਨ ਵੱਲੋਂ 31 ਅਕਤੂਬਰ ਤਕ ਪੈਨ ਡਾਊਨ ਸਟ੍ਰਾਈਕ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ। ਹੜਤਾਲ ਦੇ ਚੱਲਦਿਆਂ ਹੋਰ ਸਰਕਾਰੀ ਦਫ਼ਤਰਾਂ ਤੋਂ ਇਲਾਵਾ ਆਰਟੀਏ ਦਫਤਰ ‘ਚ ਵੀ ਕੰਮ ਲਗਪਗ ਬੰਦ ਪਿਆ ਹੈ। ਇਸ ਵਜ੍ਹਾ ਕਾਰਨ ਇੱਥੇ ਕੰਮ ਕਰਵਾਉਣ ਲਈ ਆਉਣ ਵਾਲੇ ਆਮ ਨਾਗਰਿਕ ਪਰੇਸ਼ਾਨ ਹੋ ਰਹੇ ਹਨ।

ਹੜਤਾਲ ਦੀ ਵਜ੍ਹਾ ਕਾਰਨ ਜ਼ਿਲ੍ਹੇ ਦੇ ਦੂਰ-ਦੁਰਾਡੇ ਤੋਂ ਕੰਮ ਕਰਵਾਉਣ ਲਈ ਸਰਕਾਰੀ ਦਫ਼ਤਰਾਂ ਵਿਚ ਪਹੁੰਚਣ ਵਾਲੇ ਲੋਕਾਂ ਨੂੰ ਹੋਰ ਵੀ ਪ੍ਰੇਸ਼ਾਨੀ ਹੋ ਰਹੀ ਹੈ। ਦਫ਼ਤਰ ਪਹੁੰਚ ਕੇ ਉਨ੍ਹਾਂ ਨੂੰ ਮੁਲਾਜ਼ਮਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਬਾਰੇ ਪਤਾ ਲੱਗਾ। ਪ੍ਰੇਸ਼ਾਨੀ ਦਾ ਇਕ ਕਾਰਨ ਇਹ ਵੀ ਹੈ ਕਿ ਜਿਨ੍ਹਾਂ ਲੋਕਾਂ ਦੀ ਡਰਾਈਵਿੰਗ ਜਾਂ ਟੈਕਸ ਭਰਨ ਦੀ ਆਖਰੀ ਤਰੀਕ ਨੇੜੇ ਹੈ, ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਤਰੀਕ ਖਤਮ ਹੋਣ ਤੋਂ ਬਾਅਦ ਉਨ੍ਹਾਂ ਦਾ ਕੰਮ ਹੋਵੇਗਾ ਜਾਂ ਨਹੀਂ ਜਾਂ ਫਿਰ ਉਨ੍ਹਾਂ ਨੂੰ ਜੁਰਮਾਨਾ ਭਰਨਾ ਪਵੇਗਾ। ਇਹ ਵੀ ਦੋਸ਼ ਲਾਇਆ ਜਾ ਰਿਹਾ ਹੈ ਕਿ ਆਰਟੀਏ ਦਫ਼ਤਰ ਦਾ ਅਮਲਾ ਲੋਕਾਂ ਲਈ ਖਿੜਕੀਆਂ ਬੰਦ ਰੱਖ ਰਿਹਾ ਹੈ ਪਰ ਅੰਦਰੋਂ ਪ੍ਰਾਈਵੇਟ ਕਰਮਚਾਰੀ ਆਪਣਾ ਕੰਮ ਜਾਰੀ ਰੱਖ ਰਹੇ ਹਨ।