ਪਰਵਾਸੀ ਭਾਰਤੀ ਰੱਖੜਾ ਨੂੰ ਨਹੀਂ ਆਉਣ ਦਿੱਤਾ ਪੰਜਾਬ, ਦਿੱਲੀ ਤੋਂ ਅਮਰੀਕਾ ਮੋੜਿਆ, ਰੱਖਡ਼ਾ ਪਰਿਵਾਰ ਨੇ ਕੇਂਦਰ ਸਰਕਾਰ ਨੂੰ ਲਿਖਿਆ ਰੋਸ ਪੱਤਰ

0
68

ਪਟਿਆਲਾ (TLT) ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖਡ਼ਾ ਦੇ ਵੱਡੇ ਭਰਾ ਤੇ ਉੱਘੇ ਪਰਵਾਸੀ ਭਾਰਤੀ ਦਰਸ਼ਨ ਸਿੰਘ ਧਾਲੀਵਾਲ ਰੱਖਡ਼ਾ ਨੂੰ ਐਤਵਾਰ ਰਾਤ ਦਿੱਲੀ ਹਵਾਈ ਅੱਡੇ ਤੋਂ ਅਮਰੀਕਾ ਵਾਪਸ ਭੇਜ ਦਿੱਤਾ ਹੈ। ਦਰਸ਼ਨ ਸਿੰਘ ਧਾਲੀਵਾਲ ਰੱਖਡ਼ਾ ਆਪਣੀ ਪਤਨੀ ਨਾਲ ਆਪਣੀ ਭਤੀਜੀ, ਜੋ ਕਿ ਚਰਨਜੀਤ ਸਿੰਘ ਰੱਖਡ਼ਾ ਦੀ ਪੁੱਤਰੀ ਹੈ, ਦੇ ਵਿਆਹ ’ਚ ਸ਼ਾਮਲ ਹੋਣ ਲਈ ਆ ਰਹੇ ਸਨ। ਇਸ ਤੋਂ ਪਹਿਲਾਂ ਵੀ ਦੋ ਜਾਂ ਤਿੰਨ ਵਾਰ ਉਨ੍ਹਾਂ ਨੂੰ ਦਿੱਲੀ ਹਵਾਈ ਅੱਡੇ ’ਤੇ ਕਾਫੀ ਪਰੇਸ਼ਾਨ ਕੀਤਾ ਗਿਆ ਪਰ ਦੋ-ਤਿੰਨ ਘੰਟਿਆਂ ਦੀ ਖੱਜਲ-ਖੁਆਰੀ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਤੋਂ ਪੰਜਾਬ ਜਾਣ ਦੀ ਇਜਾਜ਼ਤ ਦੇ ਦਿੱਤੀ ਜਾਂਦੀ ਸੀ ਪਰ ਇਸ ਵਾਰ ਅਜਿਹਾ ਨਹੀਂ ਕੀਤਾ ਗਿਆ।

ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਤੇ ਦਰਸ਼ਨ ਸਿੰਘ ਧਾਲੀਵਾਲ ਰੱਖਡ਼ਾ ਦੇ ਸਕੇ ਭਰਾ ਸੁਰਜੀਤ ਸਿੰਘ ਰੱਖਡ਼ਾ ਨੇ ਇਸ ਦੇ ਰੋਸ ਵਜੋਂ ਮੋਦੀ ਸਰਕਾਰ ਨੂੰ ਤੇ ਵਿਦੇਸ਼ ਮੰਤਰਾਲੇ ਨੂੰ ਰੋਸ ਪੱਤਰ ਲਿਖ ਕੇ ਰੋਸ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਕਿਹਡ਼ੇ ਦੇਸ਼ ਦੇ ਸੰਵਿਧਾਨ ’ਚ ਹੈ ਕਿ ਸ਼ਰੀਫ ਤੇ ਲੋਕਾਂ ਦੀ ਸੇਵਾ ਕਰਨ ਵਾਲੀ ਸ਼ਖ਼ਸੀਅਤ ਨੂੰ ਦਿੱਲੀ ਹਵਾਈ ਅੱਡੇ ’ਤੇ 6 ਘੰਟੇ ਖੱਜਲ-ਖੁਆਰ ਕਰਨ ਤੋਂ ਬਾਅਦ ਵਾਪਸ ਅਮਰੀਕਾ ਭੇਜ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਉਹ ਆਪ ਵੀ ਆਪਣੇ ਭਰਾ ਨੂੰ ਲੈਣ ਲਈ ਦਿੱਲੀ ਪੁੱਜੇ ਹੋਏ ਸਨ ਤੇ ਉਨ੍ਹਾਂ ਨੂੰ ਇਸ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਦੇ ਚੀਫ ਸੈਕਟਰੀ, ਡੀਜੀਪੀ ਤੇ ਵਿਦੇਸ਼ ਮੰਤਰਾਲੇ ਨਾਲ ਵੀ ਰਾਬਤਾ ਕਾਇਮ ਕੀਤਾ ਪਰ ਕੇਂਦਰ ਸਰਕਾਰ ਦੀ ਸ਼ਹਿ ’ਤੇ ਪੰਜਾਬ ਦੀ ਸੁਣਵਾਈ ਨਹੀਂ ਹੋਈ ਅਤੇ ਦਰਸ਼ਨ ਸਿੰਘ ਧਾਲੀਵਾਲ ਨੂੰ ਵਾਪਸ ਭੇਜ ਦਿੱਤਾ ਗਿਆ।