ਕੇਂਦਰੀ ਜੇਲ੍ਹ ਅੰਦਰ ਸੁੱਟੀ ਗੇਂਦ ਵਿੱਚੋਂ 38 ਗ੍ਰਾਮ ਅਫੀਮ ਬਰਾਮਦ, ਮਾਮਲਾ ਦਰਜ

0
76

ਫਿਰੋਜ਼ਪੁਰ (TLT) ਲਗਾਤਾਰ ਬਰਾਮਦ ਹੋ ਰਹੇ ਮੋਬਾਈਲਾਂ ਅਤੇ ਨਸ਼ਿਆਂ ਕਾਰਨ ਬੀਤੇ ਲੰਮੇ ਸਮੇਂ ਤੋਂ ਚਰਚਾ ਵਿੱਚ ਚੱਲ ਰਹੀ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚੋਂ ਹੁਣ 38 ਗਰਾਮ ਅਫੀਮ ਬਰਾਮਦ ਹੋਣ ਦੀ ਖਬਰ ਹੈ। ਇਹ ਅਫ਼ੀਮ ਕਿਸੇ ਗੇਂਦ ਨੁਮਾ ਚੀਜ਼ ਵਿੱਚ ਪਾ ਕੇ ਜੇਲ੍ਹ ਦੇ ਬਾਹਰੋਂ ਹਵਾਈ ਰੂਟ ਜ਼ਰੀਏ ਸੁੱਟੀ ਗਈ ਸੀ । ਜੇਲ੍ਹ ਦੇ ਸਹਾਇਕ ਸੁਪਰਡੈਂਟ ਦੀ ਸ਼ਿਕਾਇਤ ‘ਤੇ ਫਿਰੋਜ਼ਪੁਰ ਸਿਟੀ ਪੁਲਿਸ ਨੇ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਸ਼ਰਮਾ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਪੱਤਰ ਨੰਬਰ 7690 ਰਾਹੀਂ ਜੇਲ੍ਹ ਸਹਾਇਕ ਸੁਪਰਡੈਂਟ ਸਤਨਾਮ ਸਿੰਘ ਸਮੇਤ ਆਪਣੇ ਸਾਥੀ ਕਰਮਚਾਰੀਆਂ ਦੇ ਨਾਲ ਬੈਰਕ ਨੰ 6 ਨਜ਼ਦੀਕ ਪੁੱਜੇ ਤਾਂ ਵਾਰਡਰ ਸ਼੍ਰੀ ਰਾਮ ਦੇ ਪੈਰਾਂ ਵਿਚ ਇਕ ਲਾਲ ਰੰਗ ਦੀ ਗੇਂਦ ਦਿਖਾਈ ਦਿੱਤੀ। ਗੇਂਦ ਨੂੰ ਖੋਲ੍ਹਣ ‘ਤੇ ਅੰਦਰੋਂ 38 ਗ੍ਰਾਮ ਅਫੀਮ ਬਰਾਮਦ ਹੋਈ ਹੈ। ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਉਕਤ ਗੇਂਦ ਕਿਸੇ ਸ਼ਰਾਰਤੀ ਅਨਸਰ ਵੱਲੋਂ ਜੇਲ੍ਹ ਦੇ ਅੰਦਰ ਥ੍ਰੋ ਕੀਤੀ ਗਈ ਹੈ ਜਿਸ ਦੇ ਸਬੰਧ ਵਿੱਚ ਪਰੀਸੰਨਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।