ਅਸ਼ਟਾਮ ਫਰੋਸ਼ਾਂ ਦੇ ਲਾਇਸੰਸਾਂ ਲਈ ਹੁਣ ਤੱਕ 572 ਉਮੀਦਵਾਰਾਂ ਨੇ ਕਰਵਾਈ ਰਜਿਸਟਰੇਸ਼ਨ : ਡਿਪਟੀ ਕਮਿਸ਼ਨਰ

0
39

ਲਾਇਸੰਸਾਂ ਲਈ ਅਰਜ਼ੀਆਂ ਦੇਣ ਦੀ ਅੰਤਿਮ ਮਿਤੀ 25 ਅਕਤੂਬਰ

ਡਿਪਟੀ ਕਮਿਸ਼ਨਰ ਨੇ ਚਾਹਵਾਨ ਉਮੀਦਵਾਰਾਂ ਨੂੰ ਰੋਜ਼ਗਾਰ ਦੇ ਮੌਕੇ ਦਾ ਲਾਭ ਉਠਾਉਣ ਦੀ ਕੀਤੀ ਅਪੀਲ

ਚਾਹਵਾਨ ਉਮੀਦਵਾਰ WWW.AF.PTUEXAM.COM  ‘ਤੇ ਕਰ ਸਕਦੇ ਨੇ ਅਪਲਾਈ

ਜਲੰਧਰ (ਰਮੇਸ਼ ਗਾਬਾ) ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਲਦੀ ਹੀ ਜਾਰੀ ਕੀਤੇ ਜਾ ਰਹੇ ਅਸ਼ਟਾਮ ਫਰੋਸ਼ਾਂ ਦੇ ਲਾਇਸੈਂਸਾਂ ਲਈ ਹੁਣ ਤੱਕ 572 ਚਾਹਵਾਨ ਵਿਅਕਤੀਆਂ ਵੱਲੋਂ ਰਜਿਸਟਰੇਸ਼ਨ ਕਰਵਾਈ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਲਈ ਲਾਇਸੈਂਸਾਂ ਲਈ ਅਰਜ਼ੀਆਂ ਦੇਣ ਦੀ ਆਖਿਰੀ ਮਿਤੀ 25 ਅਕਤੂਬਰ, 2021 ਹੈ। ਇਸ ਤੋਂ ਬਾਅਦ ਪੰਜਾਬ ਟੈਕਨੀਕਲ ਯੂਨੀਵਰਸਿਟੀ, ਕਪੂਰਥਲਾ ਵੱਲੋਂ ਆਯੋਜਿਤ ਪ੍ਰਤੀਯੋਗੀ ਪ੍ਰੀਖਿਆ ਉਪਰੰਤ ਯੋਗ ਉਮੀਦਵਾਰਾਂ ਨੂੰ ਲਾਇਸੈਂਸ ਜਾਰੀ ਕੀਤੇ ਜਾਣਗੇ।
            ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਲੰਧਰ ਦੀਆਂ ਵੱਖ-ਵੱਖ ਸਬ-ਡਵੀਜ਼ਨਾਂ ਵਿੱਚ ਸਟੈਂਪ ਵਿਕਰੇਤਾਵਾਂ (ਅਸ਼ਟਮ ਫ਼ਰੋਸ਼ਾਂ) ਦੇ 157 ਲਾਇਸੈਂਸ ਜਾਰੀ ਕਰਨ ਲਈ ਚਾਹਵਾਨ ਵਿਅਕਤੀਆਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ । ਉਨ੍ਹਾਂ ਦੱਸਿਆ ਕਿ ਇਹ 157 ਲਾਇਸੈਂਸ ਜਲੰਧਰ -1, ਜਲੰਧਰ -2, ਨਕੋਦਰ, ਫਿਲੌਰ ਅਤੇ ਸ਼ਾਹਕੋਟ ਸਬ-ਡਵੀਜ਼ਨਾਂ ਵਿੱਚ ਦਿੱਤੇ ਜਾਣਗੇ।
            ਉਨ੍ਹਾਂ ਅੱਗੇ ਕਿਹਾ ਕਿ ਚਾਹਵਾਨ ਵਿਅਕਤੀ 25 ਅਕਤੂਬਰ ਤੱਕ ਸਟੈਂਪ ਵਿਕਰੇਤਾਵਾਂ ਦੇ ਲਾਇਸੈਂਸਾਂ ਲਈ http://www.af.ptuexam.com/ ‘ਤੇ ਬਿਨੈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ 31 ਅਕਤੂਬਰ ਨੂੰ ਇੱਕ ਲਿਖਤੀ ਪ੍ਰੀਖਿਆ ਦਸਵੀਂ ਦੇ ਸਿਲੇਬਸ ‘ਤੇ ਅਧਾਰਤ ਹੋਵੇਗੀ ਅਤੇ ਇਸ ਤੋਂ ਬਾਅਦ ਇੰਟਰਵਿਊ ਲਈ ਜਾਵੇਗੀ।
       ਥੋਰੀ ਨੇ ਕਿਹਾ ਕਿ ਉਮੀਦਵਾਰ ਕੇਵਲ ਜਲੰਧਰ ਜ਼ਿਲ੍ਹੇ ਦੇ ਵਸਨੀਕ ਅਤੇ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ ਮੈਟ੍ਰਿਕ ਪਾਸ ਹੋਣੇ ਚਾਹੀਦੇ ਹਨ । ਉਨ੍ਹਾਂ ਚਾਹਵਾਨ ਉਮੀਦਵਾਰਾਂ ਨੂੰ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਤਾਂ ਜੋ ਵੱਧ ਤੋਂ ਵੱਧ ਬੇਰੋਜ਼ਗਾਰ ਨੌਜਵਾਨਾਂ ਨੂੰ ਲਾਇਸੈਂਸ ਮਿਲ ਸਕਣ।
            ਜ਼ਿਕਰਯੋਗ ਹੈ ਕਿ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਦੀ ਅਗਵਾਈ ਵਾਲੀ ਇੱਕ ਕਮੇਟੀ ਵੱਲੋਂ ਸਮੁੱਚੀ ਭਰਤੀ ਪ੍ਰਕਿਰਿਆ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਅਮਰਜੀਤ ਬੈਂਸ ਨੇ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਪੂਰੇ ਪਾਰਦਰਸ਼ੀ ਢੰਗ ਨਾਲ 70 ਅੰਕਾਂ ਦੀ ਲਿਖਤੀ ਪ੍ਰੀਖਿਆ ਲਈ ਜਾਵੇਗੀ। ਇਸ ਤੋਂ ਬਾਅਦ 10 ਨੰਬਰਾਂ ਦੀ ਇੰਟਰਵਿਊ ਹੋਵੇਗੀ ਅਤੇ 10ਵੀਂ ਜਮਾਤ ਦੀ ਪ੍ਰੀਖਿਆ ਵਿੱਚ ਪ੍ਰਾਪਤ ਕੀਤੇ ਅੰਕਾਂ ਲਈ 20 ਪੁਆਇੰਟ ਦਿੱਤੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ‘ਘਰ-ਘਰ ਰੋਜ਼ਗਾਰ ਅਤੇ ਕਰੋਬਾਰ ਮਿਸ਼ਨ’ ਤਹਿਤ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਇਹ ਲਾਇਸੈਂਸ ਜਾਰੀ ਕੀਤੇ ਜਾਣਗੇ।