ਪਤਨੀ ਦੀ ਹੱਤਿਆ ‘ਚ ਜਲੰਧਰ ਦੇ ਨੌਜਵਾਨ ਨੂੰ UK ‘ਚ 20 ਸਾਲ ਕੈਦ

0
113

ਜਲੰਧਰ (TLT) ਫਿਲੌਰ ਦੀ ਰਹਿਣ ਵਾਲੀ ਗੀਤਿਕਾ ਗੋਇਲ ਦੀ ਯੂਨਾਈਟਿਡ ਕਿੰਗਡਮ ‘ਚ ਹੱਤਿਆ ਦੇ ਮਾਮਲੇ ‘ਚ ਅਦਾਲਤ ਨੇ ਪਤੀ ਕਸ਼ਿਸ਼ ਅਗਰਵਾਲ ਨੂੰ ਦੋਸ਼ੀ ਮੰਨਦੇ ਹੋਏ ਉਸ ਨੂੰ 20 ਸਾਲ 6 ਮਹੀਨਿਆਂ ਦੀ ਸਜ਼ਾ ਸੁਣਾਈ ਹੈ। ਕਸ਼ਿਸ਼ ਨੇ ਲੈਸਟਰ ਸ਼ਹਿਰ ‘ਚ ਪਿਛਲੀ 3 ਮਾਰਚ ਨੂੰ ਘਰ ‘ਚ ਚਾਕੂ ਮਾਰ ਕੇ ਗੀਤਿਕਾ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਸੀ। ਕਸ਼ਿਸ਼ ਰਾਜਾ ਗਾਰਡਨ, ਜਲੰਧਰ ਦਾ ਰਹਿਣ ਵਾਲਾ ਹੈ। ਉਸ ਦਾ ਤੇ ਗੀਤਿਕਾ ਦਾ ਵਿਆਹ ਸਾਲ 2016 ‘ਚ ਹੋਇਆ ਸੀ। ਵਿਆਹ ਤੋਂ ਕੁਝ ਦਿਨਾਂ ਬਾਅਦ ਗੀਤਿਕਾ ਯੂਕੇ ‘ਚ ਪਰਮਾਨੈਂਟ ਸਿਟੀਜ਼ਨ ਬਣ ਗਈ ਸੀ। ਉਸ ਨੇ ਕਸ਼ਿਸ਼ ਨੂੰ ਵੀ ਆਪਣੇ ਕੋਲ ਬੁਲਾ ਲਿਆ ਸੀ। ਕੁਝ ਦਿਨ ਬਾਅਦ ਕਸ਼ਿਸ਼ ਨੂੰ ਵੀ ਯੂਕੇ ਦੀ ਸਿਟੀਜ਼ਨਸ਼ਿਪ ਮਿਲ ਗਈ ਸੀ।

ਲੈਸਟਰ ‘ਚ 3 ਮਾਰਚ ਨੂੰ ਕਸ਼ਿਸ਼ ਨੇ ਆਪਣੀ ਪਤਨੀ ਗੀਤਿਕਾ ਦੀ ਚਾਕੂ ਨਾਲ ਕਈ ਵਾਰ ਕਰ ਕੇ ਹੱਤਿਆ ਕਰ ਦਿੱਤੀ ਸੀ। ਜਾਂਚ ਤੋਂ ਪਤਾ ਚੱਲਿਆ ਕਿ ਕਸ਼ਿਸ਼ ਨੇ ਗੀਤਿਕਾ ਦੀ ਹੱਤਿਆ ਕਰਨ ਤੋਂ ਬਾਅਦ ਉਸ ਨੂੰ ਪਲਾਸਟਿਕ ਦੀ ਸੀਟ ‘ਤੇ ਲਪੇਟ ਕੇ ਸੁੱਟ ਦਿੱਤਾ ਸੀ। 3 ਮਾਰਚ ਦੀ ਰਾਤ ਕਰੀਬ 9 ਵਜੇ ਉਸ ਨੇ ਗੀਤਿਕਾ ਦੇ ਭਰਾ ਹੇਮੰਤ ਨੂੰ ਫ਼ੋਨ ਕਰ ਕੇ ਦੱਸਿਆ ਸੀ ਕਿ ਉਹ ਕਿਤੇ ਗਈ ਹੋਈ ਸੀ ਤੇ ਉਸ ਦਾ ਫ਼ੋਨ ਕੰਮ ਨਹੀਂ ਕਰ ਰਿਹਾ ਸੀ। ਭਰਾ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਸੀ। ਜਦੋਂ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ 4 ਮਾਰਚ ਦੀ ਸਵੇਰ ਨੂੰ ਫੁੱਟਪਾਥ ‘ਤੇ ਇਕ ਔਰਤ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲੀ। ਲਾਸ਼ ਦੀ ਪਛਾਣ ਗੀਤਿਕਾ ਵਜੋਂ ਹੋਈ ਹੈ। ਉਸ ਦੀ ਛਾਤੀ ਤੇ ਸਰੀਰ ਦੇ ਹੋਰ ਹਿੱਸਿਆਂ ‘ਤੇ ਚਾਕੂ ਦੇ ਕਈ ਜ਼ਖ਼ਮ ਸਨ। ਪੁਲਿਸ ਦੀ ਪੁੱਛਗਿੱਛ ਦੌਰਾਨ ਕਸ਼ਿਸ਼ ਨੇ ਆਪਣਾ ਜੁਰਮ ਕਬੂਲ ਕਰ ਲਿਆ ਜਿਸ ਤੋਂ ਬਾਅਦ ਉਸਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ। ਪੁਲਿਸ ਨੇ ਕਤਲ ਵਿਚ ਵਰਤਿਆ ਚਾਕੂ ਵੀ ਬਰਾਮਦ ਕੀਤਾ ਸੀ।

ਹੇਮੰਤ ਨੇ ਦੱਸਿਆ ਕਿ ਵਿਆਹ ਦੇ ਕੁਝ ਦਿਨ ਬਾਅਦ ਹੀ ਕਸ਼ਿਸ਼ ਪਤੀ ਗੀਤਿਕਾ ਕੋਲ ਰਹਿਣ ਲਈ ਯੂਕੇ ਆ ਗਿਆ। ਇਸ ‘ਚ ਉਨ੍ਹਾਂ ਦੇ ਪਰਿਵਾਰ ਨੇ ਉਸ ਦੀ ਕਾਫੀ ਮਦਦ ਕੀਤੀ ਸੀ। ਵਿਆਹ ਦੇ ਸਮੇਂ ਹੀ ਦੋ ਲਗਜ਼ਰੀ ਕਾਰਾਂ ਤੇ ਇਕ ਅਲੀਸ਼ਾਨ ਘਰ ਉਸ ਨੂੰ ਯੂਕੇ ‘ਚ ਹੀ ਖਰੀਦ ਕੇ ਦਿੱਤਾ ਸੀ। ਸਿਟੀਜ਼ਨਸ਼ਿਪ ਮਿਲਣ ਤੋਂ ਬਾਅਦ ਕਸ਼ਿਸ਼ ਨੇ ਗੀਤਿਕਾ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਸੀ।