ਪੂਰੇ ਪੰਜਾਬ ‘ਚ ਰੇਲਵੇ ਟਰੈਕਾਂ ‘ਤੇ ਬੈਠੇ ਕਿਸਾਨ, ਧਰਨਾ ਸ਼ੁਰੂ, ਅੰਮ੍ਰਿਤਸਰ ਤੇ ਜਲੰਧਰ ‘ਚ ਟ੍ਰੇਨ ਰੋਕੀ, ਮੁਸਾਫ਼ਰ ਪਰੇਸ਼ਾਨ

0
87

ਜਲੰਧਰ (tlt) ਖੇਤੀ ਸੁਧਾਰ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਪੂਰੇ ਪੰਜਾਬ ‘ਚ ਰੇਲਵੇ ਟਰੈਕਾਂ ‘ਤੇ ਕਿਸਾਨ ਬੈਠ ਗਏ ਹਨ। ਧਰਨਾ ਸਵੇਰੇ 10 ਵਜੇ ਤੋਂ 4 ਵਜੇ ਤਕ ਜਾਰੀ ਰਹੇਗਾ। ਇਹ ਪ੍ਰਦਰਸ਼ਨ ਲਖਮੀਪੁਰ ਖੀਰੀ ਹਿੰਸਾ ਦੇ ਵਿਰੋਧ ‘ਚ ਕੀਤਾ ਜਾ ਰਿਹਾ ਹੈ। ਰੂਪਨਗਰ, ਫਿਰੋਜ਼ਪੁਰ, ਮੋਗਾ, ਜਲੰਧਰ, ਪਟਿਆਲਾ, ਅੰਮ੍ਰਿਤਸਰ ਆਦਿ ‘ਚ ਕਿਸਾਨ ਰੇਲਵੇ ਟ੍ਰੈਕਾਂ ਉੱਪਰ ਬੈਠ ਗਏ ਹਨ। ਕਿਸਾਨਾਂ ਨੇ ਅੰਮ੍ਰਿਤਸਰ-ਦਾਦਰ ਐਕਸਪ੍ਰੈੱਸ ਨੂੰ ਰੋਕ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ ‘ਰੇਲ ਰੋਕੋ’ ਦਿਵਸ ਨੂੰ ਮੁੱਖ ਰੱਖਦੇ ਹੋਏ ਫਿਰੋਜ਼ਪੁਰ ਰੇਲਵੇ ਮੰਡਲ ਆਰਪੀਐਫ ਦੇ ਸਹਾਇਕ ਸੁਰੱਖਿਆ ਕਮਿਸ਼ਨਰ ਨੇ ਡਿਪਟੀ ਚੀਫ ਕੰਟਰੋਲਰ ਨੂੰ ਪੱਤਰ ਲਿਖਿਆ ਸੀ। ਪੱਤਰ ’ਚ ਉਨ੍ਹਾਂ ਫਿਰੋਜ਼ਪੁਰ ਰੇਲਵੇ ਮੰਡਲ ਦੇ ਸਟੇਸ਼ਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਆਰਪੀਐਫ ਦੇ ਥਾਣਿਆਂ ਨੂੰ ਹਦਾਇਤਾਂ ਜਾਰੀ ਕੀਤੀਆਂ। ਰੇਲਵੇ ਲਾਈਨਾਂ ਤੋਂ ਇਲਾਵਾ ਰੇਲਵੇ ਪ੍ਰਾਪਰਟੀ ਤੇ ਯਾਤਰੀਆਂ ਦੀ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦੇਣ ’ਤੇ ਜ਼ੋਰ ਦਿੱਤਾ।

ਦੂਜੇ ਪਾਸੇ ਜੀਆਰਪੀ ਨੇ ਸੰਯੁਕਤ ਕਿਸਾਨ ਮੋਰਚਾ ਵੱਲੋਂ 18 ਅਕਤੂਬਰ ਨੂੰ ਰੇਲਵੇ ਫਾਟਕਾਂ ਜਾਂ ਹੋਰ ਥਾਵਾਂ ਤੇ ਧਰਨੇ ਦੇਣ ਤੇ ਰੇਲਾਂ ਰੋਕਣ ਨੂੰ ਲੈ ਕੇ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਇਸ ਸਬੰਧ ’ਚ ਥਾਣਾ ਜੀਆਰਪੀ ਦੇ ਐੱਸਐੱਚਓ ਬਲਬੀਰ ਸਿੰਘ ਨੇ ਦੱਸਿਆ ਕਿ ਕਿਸਾਨ ਮੋਰਚਾ ਵੱਲੋਂ 11 ਰੇਲਵੇ ਸਟੇਸ਼ਨਾਂ ਤੇ ਫਾਟਕਾਂ ’ਤੇ ਧਰਨੇ ਲਾਏ ਜਾਣੇ ਹਨ ਜਿੱਥੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਪ੍ਰਬੰਧ ਕਰ ਲਏ ਗਏ ਹਨ ਅਤੇ ਉੱਥੇ ਫੋਰਸ ਤਾਇਨਾਤ ਕਰਨ ਲਈ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ।

ਐੱਸਐੱਚਓ ਅਨੁਸਾਰ ਕਿਸਾਨ ਮੋਰਚਾ ਵੱਲੋਂ 18 ਅਕਤੂੂਬਰ ਨੂੰ ਜਲੰਧਰ ਛਾਉਣੀ ਦੇ ਦਕੋਹਾ ਫਾਟਕ, ਭੋਗਪੁਰ ਰੇਲਵੇ ਫਾਟਕ, ਕਾਲਾ ਬੱਕਰਾ, ਆਦਮਪੁਰ, ਸੰਗਰਾਲੀ ਫਾਟਕ, ਮਾਡਲ ਟਾਊਨ ਹੁੁਸਿਆਰਪੁਰ ਦਾ ਫਾਟਕ, ਮੁਕੇਰੀਆਂ ਲਾਗੇ ਚੱਕਕਲਾਂ ਸਟੇਸ਼ਨ, ਗੜਸ਼ੰਕਰ ਦਾਰਾ ਪੁਰ ਟਾਂਡਾ ਰੇਲਵੇ ਫਾਟਕ ਅਤੇ ਕਪੂਰਥਲਾ ਆਦਿ ਸ਼ਾਮਿਲ ਹਨ। ਉਕਤ ਸਟੇਸ਼ਨਾਂ ਤੇ ਫਾਟਕਾਂ ’ਤੇ ਪੁਲਿਸ ਫੋਰਸ ਤਾਇਨਾਤ ਕਰਨ ਲਈ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ।