ਜਲੰਧਰ ’ਚ ਮੋਬਾਈਲ ਸ਼ਾਪ ਤੋਂ 1 ਲੱਖ ਕੈਸ਼ ਤੇ 5 ਲੱਖ ਰੁਪਏ ਦਾ ਸਾਮਾਨ ਚੋਰੀ, ਛੱਤ ਦਾ ਦਰਵਾਜ਼ਾ ਤੋੜ ਕੇ ਅੰਦਰ ਵੜੇ ਚੋਰ

0
117

ਜਲੰਧਰ (ਰਮੇਸ਼ ਗਾਬਾ) ਥਾਣਾ ਨੰਬਰ ਤਿੰਨ ਦੀ ਹੱਦ ‘ਚ ਪੈਂਦੇ ਪ੍ਰਤਾਪ ਬਾਗ ਲਾਗੇ ਸਥਿਤ ਇਕ ਮੋਬਾਈਲਾਂ ਦੀ ਦੁਕਾਨ ‘ਤੇ ਧਾਵਾ ਬੋਲਦਿਆਂ ਚੋਰਾਂ ਨੇ ਇਕ ਲੱਖ ਰੁਪਏ ਦੀ ਨਕਦੀ ਤੇ ਲੱਖਾਂ ਰੁਪਏ ਦਾ ਕੀਮਤੀ ਸਾਮਾਨ ਚੋਰੀ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਜੂ ਮੋਬਾਈਲ ਦੇ ਮਾਲਿਕ ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਵੀਰਵਾਰ ਰਾਤ ਨੌਂ ਵਜੇ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ। ਸ਼ੁੱਕਰਵਾਰ ਸਵੇਰੇ ਜਦ ਉਹ ਦੁਕਾਨ ‘ਤੇ ਪਹੁੰਚੇ ਤੇ ਸ਼ਟਰ ਖੋਲ੍ਹ ਕੇ ਅੰਦਰ ਗਏ ਤਾਂ ਅੰਦਰ ਸਾਰਾ ਸਾਮਾਨ ਖਿਲਰਿਆ ਪਿਆ ਸੀ। ਚੋਰ ਦੁਕਾਨ ਦੀ ਛੱਤ ਦੇ ਰਸਤੇ ਨੂੰ ਦਰਵਾਜ਼ਾ ਤੋੜ ਕੇ ਹੇਠਾਂ ਆ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਗਏ। ਚੋਰ ਦੁਕਾਨ ਅੰਦਰੋਂ ਇੱਕ ਲੱਖ ਰੁਪਏ ਨਕਦ ਤੇ ਲੱਖਾਂ ਰੁਪਏ ਦੀ ਮੋਬਾਈਲਾਂ ਦੀ ਅਸੈਸਰੀ ਚੋਰੀ ਕਰਕੇ ਲੈ ਗਏ। ਉਕਤ ਸਾਰੀ ਘਟਨਾ ਦੁਕਾਨ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਮੌਕੇ ‘ਤੇ ਪਹੁੰਚੇ ਏਐੱਸਆਈ ਸਤਪਾਲ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।