ਮਾਈਕ੍ਰੋਸਾਫਟ ਨੇ ਕੀਤਾ ਵੱਡਾ ਐਲਾਨ, ਗੂਗਲ-ਫੇਸਬੁੱਕ ਤੋਂ ਬਾਅਦ ਹੁਣ ਚੀਨ ‘ਚ LinkedIn ਵੀ ਹੋਵੇਗਾ ਬੰਦ

0
72

ਨਵੀਂ ਦਿੱਲੀ (tlt) ਮਾਈਕ੍ਰੋਸਾਫਟ (Microsoft) ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਹ ਚੀਨ ‘ਚ ਆਪਣੀ ਸੋਸ਼ਲ ਨੈੱਟਵਰਕਿੰਗ ਐਪ ਲਿੰਕਡਇਨ (LinkedIn) ਦੇ ਲੋਕਲ ਵਰਜ਼ਨ ਨੂੰ ਬੰਦ ਕਰਨ ਜਾ ਰਹੀ ਹੈ। ਲਿੰਕਡਇਨ ਅਮਰੀਕਾ ਤੋਂ ਸੰਚਾਲਿਤ ਹੋਣ ਵਾਲਾ ਆਖਰੀ ਪ੍ਰਮੁੱਖ ਸੋਸ਼ਲ ਨੈੱਟਵਰਕ ਪਲੇਟਫਾਰਮ ਹੈ ਜਿਹੜਾ ਹਾਲੇ ਵੀ ਚੀਨ ‘ਚ ਚੱਲ ਰਿਹਾ ਹੈ। ਕਾਬਿਲੇਗ਼ੌਰ ਹੈ ਕਿ ਚੀਨ ‘ਚ ਵ੍ਹਟਸਐਪ ਦੀ ਜਗ੍ਹਾ wechat, ਫੇਸਬੁੱਕ-ਟਵਿੱਟਰ ਦੀ ਜਗ੍ਹਾ Sina Wibo, ਗੂਗਲ ਦੀ ਜਗ੍ਹਾ Baidu Tieba, ਮੈਸੰਜਰ ਦੀ ਜਗ੍ਹਾ Tencent QQ ਤੇ ਯੂਟਿਊਬ ਦੀ ਜਗ੍ਹਾ Youku Toudo ਤੇ Tencent video ਵਰਗੇ ਪਲੇਟਫਾਰਮ ਦਾ ਇਸਤੇਮਾਲ ਕੀਤਾ ਜਾਂਦਾ ਹੈ।

ਲਿੰਕਡਇਨ ਨੂੰ 2014 ‘ਚ ਚੀਨ ‘ਚ ਲਾਂਚ ਕੀਤਾ ਗਿਆ ਸੀ। ਹਾਲਾਂਕਿ ਇਸ ਨੂੰ ਕਾਫੀ ਲਿਮਟਿਡ ਫੀਚਰਜ਼ ਦੇ ਨਾਲ ਲਾਂਚ ਕੀਤਾ ਗਿਆ ਸੀ। ਦੂਸਰੇ ਸ਼ਬਦਾਂ ‘ਚ ਕਹੀਏ ਤਾਂ ਚੀਨ ਲਈ ਖਾਸਤੌਰ ‘ਤੇ ਇਕ ਨਵਾਂ ਵਰਜ਼ਨ ਬਣਾ ਕੇ ਲਾਂਚ ਕੀਤਾ ਗਿਆ ਸੀ ਤਾਂ ਜੋ ਚੀਨ ‘ਚ ਵਿਦੇਸ਼ੀ ਕੰਪਨੀਆਂ ਲਈ ਇੰਟਰਨੈੱਟ ਦੇ ਜਿਹੜੇ ਸਖ਼ਤ ਨਿਯਮ ਬਣਾਏ ਗਏ ਹਨ, ਉਨ੍ਹਾਂ ਦੀ ਉਹ ਪਾਲਣਾ ਕਰ ਸਕਣ।

ਮਾਈਕ੍ਰੋਸਾਫਟ ਨੇ ਕਿਹਾ ਹੈ ਕਿ ਉਹ ਚੀਨ ‘ਚ ਲਿੰਕਡਇਨ ਨੂੰ ਕੰਮਕਾਜ ਸਬੰਧੀ ਚੁਣੌਤੀਪੂਰਨ ਹਾਲਾਤ ਅਤੇ ਸਖ਼ਤ ਨਿਯਮਾਂ ਦੀ ਪਾਲਣਾ ਦੀਆਂ ਸ਼ਰਤਾਂ ਕਾਰਨ ਬੰਦ ਕਰ ਰਿਹਾ ਹੈ। ਹਾਲਾਂਕਿ ਮਾਈਕ੍ਰੋਸਾਫਟ ਨੇ ਇਹ ਵੀ ਕਿਹਾ ਕਿ ਉਹ ਇਸ ਦੀ ਜਗ੍ਹਾ ਚੀਨ ‘ਚ ਜੌਬ ਸਰਚ ਦੀ ਇਕ ਵੈੱਬਸਾਈਟ ਲਾਂਚ ਕਰੇਗੀ, ਜਿਸ ਵਿਚ ਲਿੰਕਡਇਨ ਦਾ ਸੋਸ਼ਲ ਨੈੱਟਵਰਕ ਵਾਲਾ ਫੀਰਚ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ਚੀਨ ‘ਚ ਫੇਸਬੁੱਕ ਤੋਂ ਲੈ ਕੇ ਸਨੈਪ ਚੈਟ ਤਕ ਲਗਪਗ ਸਾਰੇ ਪ੍ਰਮੁੱਖ ਸੋਸ਼ਲ ਮੀਡੀਆ ਪਲੇਟਫਾਰਮ ਬੈਨ ਹਨ। ਇੱਥੋਂ ਤਕ ਕਿ ਚੀਨ ਨੇ ਆਪਣੇ ਇੱਥੇ ਗੂਗਲ ਸਰਚ ਨੂੰ ਵੀ ਬੈਨ ਕੀਤਾ ਹੋਇਆ ਹੈ।