ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦਾ ਕੈਲੀਫੋਰਨੀਆ ਦੇ ਹਸਪਤਾਲ ‘ਚ ਚੱਲ ਰਿਹਾ ਇਲਾਜ

0
113

ਵਾਸ਼ਿੰਗਟਨ (tlt) ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਅਮਰੀਕੀ ਬੁਲਾਰੇ ਨੇ ਵੀਰਵਾਰ ਸ਼ਾਮ ਨੂੰ ਇਹ ਜਾਣਕਾਰੀ ਦਿੱਤੀ। ਏਂਜਲ ਉਰੀਨਾ ਨੇ ਟਵੀਟ ਕੀਤਾ ਕਿ ਕਲਿੰਟਨ ਨੂੰ ਮੰਗਲਵਾਰ ਸ਼ਾਮ ਨੂੰ ਦੱਖਣੀ ਕੈਲੀਫੋਰਨੀਆ ਦੇ ਇਰਵਿਨ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਮਾਮਲਾ ਕੋਵਿਡ ਨਾਲ ਸਬੰਧਤ ਨਹੀਂ ਹੈ। ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੂੰ ਪਿਸ਼ਾਬ ਨਾਲੀ ਦੀ ਲਾਗ ਕਰਕੇ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਇਰਵਿਨ ਮੈਡੀਕਲ ਸੈਂਟਰ ਦੇ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ।

ਦੱਸ ਦਈਏ ਕਿ ਅਰਕਨਸਾਸ ਦੇ ਵਸਨੀਕ ਬਿਲ ਕਲਿੰਟਨ ਨੇ 1993 ਤੋਂ 2001 ਤੱਕ ਸੰਯੁਕਤ ਰਾਜ ਦੇ 42ਵੇਂ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ। ਉਨ੍ਹਾਂ ਦੀ ਸਿਹਤ ਬਾਰੇ ਡਾਕਟਰਾਂ ਨੇ ਕਿਹਾ, “ਦੋ ਦਿਨਾਂ ਦੇ ਇਲਾਜ ਤੋਂ ਬਾਅਦ ਉਨ੍ਹਾਂ ਦੇ ਵ੍ਹਾਈਟ ਬਲੱਡ ਕਾਉਂਟ ਦੀ ਗਿਣਤੀ ਘੱਟ ਰਹੀ ਹੈ ਤੇ ਐਂਟੀਬਾਇਓਟਿਕਸ ਵਧੀਆ ਕੰਮ ਕਰ ਰਹੇ ਹਨ। ਕੈਲੀਫੋਰਨੀਆ ਦੀ ਮੈਡੀਕਲ ਟੀਮ ਨਿਊਯਾਰਕ ਵਿੱਚ ਰਾਸ਼ਟਰਪਤੀ ਦੀ ਮੈਡੀਕਲ ਟੀਮ ਦੇ ਨਾਲ ਲਗਾਤਾਰ ਸੰਪਰਕ ਵਿੱਚ ਹੈ। ਸਾਨੂੰ ਉਮੀਦ ਹੈ ਕਿ ਉਹ ਜਲਦੀ ਹੀ ਘਰ ਵਾਪਸ ਆ ਜਾਣਗੇ।

ਬਿਲ ਕਲਿੰਟਨ ਮੰਗਲਵਾਰ ਨੂੰ ਕੈਲੀਫੋਰਨੀਆ ਵਿੱਚ ਆਪਣੀ ਫਾਉਂਡੇਸ਼ਨ ਦੇ ਇੱਕ ਨਿੱਜੀ ਸਮਾਗਮ ਲਈ ਗਏ ਸੀ। ਜਿੱਥੇ ਥਕਾਵਟ ਮਹਿਸੂਸ ਹੋਣ ਤੋਂ ਬਾਅਦ ਉਨ੍ਹਾਂ ਨੂੰ ਟੈਸਟਾਂ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਸਾਬਕਾ ਰਾਸ਼ਟਰਪਤੀ ਦੇ ਡਾਕਟਰਾਂ ਨੇ ਕਿਹਾ ਕਿ ਪਿਸ਼ਾਬ ਦੀ ਲਾਗ ਇਸ ਉਮਰ ਦੇ ਲੋਕਾਂ ਵਿੱਚ ਬਹੁਤ ਆਮ ਹੈ ਤੇ ਇਸ ਦਾ ਅਸਾਨੀ ਨਾਲ ਇਲਾਜ ਕੀਤਾ ਜਾਂਦਾ ਹੈ। ਕਲਿੰਟਨ ਨੂੰ ਸ਼ੁੱਕਰਵਾਰ ਤੱਕ ਐਂਟੀਬਾਇਓਟਿਕਸ ਦਿੱਤੇ ਜਾਣਗੇ। ਡਾਕਟਰਾਂ ਨੇ ਕਿਹਾ ਕਿ ਉਸ ਦੇ ਸਾਰੇ ਟੈਸਟ ਸਥਿਰ ਹਨ।