CIA ਸਟਾਫ ਵਿੰਗ ਨੇ ਛਾਪੇਮਾਰੀ ਦੌਰਾਨ ਡੀਜ਼ਲ ਤੇ ਪੈਟਰੋਲ ਦੀ ਕਾਲਾ-ਬਾਜ਼ਾਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਕੀਤਾ ਕਾਬੂ

0
39

ਬਠਿੰਡਾ (tlt) ਸੀਆਈਏ ਸਟਾਫ਼ ਵਿੰਗ ਨੇ ਪੈਟਰੋਲ ਤੇ ਡੀਜ਼ਲ ਦੀ ਕਾਲਾ-ਬਾਜ਼ਾਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 250 ਲੀਟਰ ਡੀਜ਼ਲ, 50 ਲੀਟਰ ਪੈਟਰੋਲ ਬਰਾਮਦ ਕੀਤਾ ਹੈ। ਕਥਿਤ ਦੋਸ਼ੀਆਂ ਖ਼ਿਲਾਫ ਥਾਣਾ ਸਦਰ ਬਠਿੰਡਾ ਵਿਖੇ ਪਰਚਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਸੀਆਈਏ ਦੇ ਇੰਚਾਰਜ ਸਬ-ਇੰਸਪੈਕਟਰ ਤਰਜਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਲਹਿਰੀ ਸਿੰਘ ਵਾਸੀ ਅਮਰਪੁਰਾ ਬਸਤੀ ਅਤੇ ਜਸਵਿੰਦਰ ਸਿੰਘ ਵਾਸੀ ਜੱਸੀ ਪੌ ਵਾਲੀ ਪਿੰਡ ਜੱਸੀ ਪੌ ਵਾਲੀ ਡੀਜ਼ਲ ਤੇ ਪੈਟਰੋਲ ਵਾਲੀਆਂ ਟੈਂਕੀਆਂ ‘ਚੋਂ ਤੇਲ ਚੋਰੀ ਕਰਕੇ ਅੱਗੇ ਵੇਚਦੇ ਹਨ। ਉਕਤ ਵਿਅਕਤੀਆਂ ਨੇ ਪਿੰਡ ਜੱਸੀ ਪੌ ਵਾਲੀ ਵਿਖੇ ਇਕ ਨੌਹਰਾ ਕਿਰਾਏ ’ਤੇ ਲੈ ਰੱਖਿਆ ਹੈ, ਜਿੱਥੇ ਉਹ ਇਸ ਧੰਦੇ ਨੂੰ ਅੰਜਾਮ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਇਸ ਸੂਚਨਾ ’ਤੇ ਕਾਰਵਾਈ ਕਰਦਿਆਂ ਹੋਇਆਂ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਨੇ ਪੁਲਿਸ ਪਾਰਟੀ ਸਮੇਤ ਉਕਤ ਨੌਹਰੇ ’ਤੇ ਛਾਪਾ ਮਾਰ ਕੇ ਕਥਿਤ ਦੋਸ਼ੀ ਲਹਿਰੀ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ 250 ਲੀਟਰ ਡੀਜ਼ਲ, 50 ਲੀਟਰ ਪੈਟਰੋਲ, ਇੱਕ ਕੀਪ ਅਤੇ ਦਸ ਮੀਟਰ ਪਾਈਪਾਂ ਬਰਾਮਦ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਇਸ ਧੰਦੇ ਵਿਚ ਉਨ੍ਹਾਂ ਨਾਲ ਹੋਰ ਕਿੰਨੇ ਵਿਅਕਤੀ ਸ਼ਾਮਲ ਹਨ ਅਤੇ ਉਹ ਕਿੰਨੇ ਸਮੇਂ ਤੋਂ ਇਸ ਕਾਲਾਬਾਜ਼ਾਰੀ ਨੂੰ ਅੰਜ਼ਾਮ ਦੇ ਰਹੇ ਹਨ।