ਵਿਆਹੁਤਾ ਔਰਤ ਵੱਲੋਂ ਪ੍ਰੇਮ ਸਬੰਧਾਂ ਵਿਚ ਅੜਿੱਕੇ ਬਣਦੇ ਪਤੀ ਦਾ ਕਤਲ

0
43

 ਬਠਿੰਡਾ (TLT) ਇਕ ਵਿਆਹੁਤਾ ਔਰਤ ਵੱਲੋਂ ਨਾਜਾਇਜ਼ ਸਬੰਧਾਂ ਵਿਚ ਅੜਿੱਕਾ ਬਣਦੇ ਆਪਣੇ ਪਤੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਬਿੱਕਰ ਸਿੰਘ ਪੁੱਤਰ ਕੌਰ ਸਿੰਘ ਵਾਸੀ ਪਿੰਡ ਮਹਿਣਾ ਥਾਣਾ ਲੰਬੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਹਾਲ ਆਬਾਦ ਸਥਾਨਕ ਬੀੜ ਰੋਡ ਵਜੋਂ ਹੋਈ ਹੈ। ਮਰਹੂਮ ਸਥਾਨਕ ਅਦਾਲਤ ਵਿਚ ਪਿਆਦੇ ਦੇ ਤੌਰ ’ਤੇ ਕੰਮ ਕਰਦਾ ਸੀ। ਪੁਲਿਸ ਨੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ’ਤੇ ਉਸ ਦੀ ਪਤਨੀ, ਕਥਿਤ ਪੇ੍ਰਮੀ ਅਤੇ ਸਾਲੇ ਦੇ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ ਤਿੰਨ ਸੌ ਦੋ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਥਾਣਾ ਕੈਨਾਲ ਕਾਲੋਨੀ ਪੁਲਿਸ ਕੋਲ ਦਰਜ ਕਰਾਏ ਬਿਆਨ ਵਿਚ ਕੌਰ ਸਿੰਘ ਨੇ ਦੱਸਿਆ ਕਿ ਉਸਦੇ ਲੜਕੇ ਬਿੱਕਰ ਸਿੰਘ ਦਾ ਵਿਆਹ 15 ਸਾਲ ਪਹਿਲਾਂ ਸੋਨੀਆ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਸੋਨੀਆ ਦੇ ਜਗਸੀਰ ਸਿੰਘ ਵਾਸੀ ਪਿੰਡ ਗੁਰੂਸਰ ਸੈਣੇਵਾਲਾ ਦੇ ਨਾਲ ਨਾਜਾਇਜ਼ ਸਬੰਧ ਬਣ ਗਏ, ਜਿਸ ਕਾਰਨ ਉਕਤ ਪਤੀ ਪਤਨੀ ਵਿਚ ਝਗੜਾ ਰਹਿਦਾ ਸੀ। ਬਿੱਕਰ ਸਿੰਘ ਆਪਣਾ ਪਿੰਡ ਛੱਡ ਕੇ ਬਠਿੰਡਾ ਦੇ ਬੀੜ ਰੋਡ ’ਤੇ ਰਹਿਣ ਲੱਗ ਪਿਆ ਤੇ ਉਸ ਨੇ ਆਪਣੀ ਪਤਨੀ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸੋਨੀਆ ਨੇ ਆਪਣੇ ਨਾਜਾਇਜ਼ ਸਬੰਧ ਜਾਰੀ ਰੱਖੇ ਤੇ ਉਹ ਆਪਣੇ ਪ੍ਰੇਮੀ ਨਾਲ ਮਿਲ ਕੇ ਬਿੱਕਰ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦੀ ਸੀ।

ਮ੍ਰਿਤਕ ਦੇ ਮਾਮੇ ਦੇ ਲੜਕੇ ਜਸਬੀਰ ਸਿੰਘ ਵਾਸੀ ਪਿੰਡ ਸਰਦਾਰਗੜ੍ਹ ਨੇ ਦੱਸਿਆ ਕਿ ਲੰਘੇ ਐਤਵਾਰ ਬਿੱਕਰ ਸਿੰਘ ਦੇ ਸਾਲੇ ਸਨੀ ਨੇ ਫੋਨ ਕਰ ਕੇ ਦੱਸਿਆ ਸੀ ਕਿ ਬਿੱਕਰ ਦੇ ਮੋਟਰਸਾਈਕਲ ਦਾ ਐਕਸੀਡੈਂਟ ਹੋ ਗਿਆ ਹੈ ਅਤੇ ਉਹ ਸਰਕਾਰੀ ਹਸਪਤਾਲ ਬਠਿੰਡਾ ਵਿਖੇ ਦਾਖਲ ਹੈ। ਜਸਬੀਰ ਨੇ ਦੱਸਿਆ ਕਿ ਉਸ ਵੱਲੋਂ ਇਹ ਕਹਿਣਾ ਕਿ ਬਿੱਕਰ ਦਾ ਮੋਟਰਸਾਈਕਲ ਤਾਂ ਪਹਿਲਾਂ ਹੀ ਟੁੱਟ ਗਿਆ ਸੀ, ਜਿਸ ਕਾਰਨ ਉਹ ਮੋਟਰਸਾਈਕਲ ਨਹੀਂ ਵਰਤਦਾ ਸੀ ਤਾਂ ਅੱਗੋਂ ਸੰਨੀ ਨੇ ਫੋਨ ਕੱਟ ਦਿੱਤਾ। ਇਸ ਤੋਂ ਬਾਅਦ ਬਿੱਕਰ ਦੀ ਪਤਨੀ ਸੋਨੀਆ ਨੇ ਆਪਣੇ ਸਹੁਰੇ ਨੂੰ ਫੋਨ ਕਰਕੇ ਕਿਹਾ ਕਿ ਬਿੱਕਰ ਦਾ ਕਿਸੇ ਨੇ ਕਤਲ ਕਰ ਦਿੱਤਾ ਹੈ

ਮ੍ਰਿਤਕ ਦੇ ਪਿਤਾ ਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਉਸਦੇ ਲੜਕੇ ਦਾ ਕਤਲ ਸੋਨੀਆ ਨੇ ਆਪਣੇ ਕਥਿਤ ਪ੍ਰੇਮੀ ਜਗਸੀਰ ਸਿੰਘ ਅਤੇ ਭਰਾ ਸੰਨੀ ਨਾਲ ਮਿਲ ਕੇ ਕੀਤਾ ਹੈ ਕਿਉਂਕਿ ਬਿੱਕਰ ਸਿੰਘ ਨੂੰ ਹਸਪਤਾਲ ਵਿੱਚ ਪਹੁੰਚਾਉਣ ਤੋਂ ਬਾਅਦ ਕਥਿਤ ਦੋਸ਼ੀ ਮੌਕੇ ਤੋਂ ਭੱਜ ਗਏ ਸਨ। ਇਸ ਸੰਬੰਧੀ ਥਾਣਾ ਕੈਨਾਲ ਕਾਲੋਨੀ ਦੇ ਐੱਸਐੱਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਕੌਰ ਸਿੰਘ ਦੇ ਬਿਆਨਾਂ ’ਤੇ ਕਥਿਤ ਦੋਸ਼ਣ ਸੋਨੀਆ, ਦੋਸ਼ੀ ਜਗਸੀਰ ਸਿੰਘ ਅਤੇ ਸਨੀ ਦੇ ਖਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਗਈ ਹੈ।