ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ’ਤੇ ਐਸ.ਡੀ.ਐਮਜ਼ ਵਲੋਂ ਸੇਵਾ ਕੇਂਦਰਾਂ ਦੀ ਅਚਨਚੇਤ ਜਾਂਚ

0
26

ਹੋਰ ਜ਼ਿਆਦਾ ਕਾਊਂਟਰ ਅਤੇ ਡਿਸਪਲੇਅ ਬੋਰਡ ਲਗਾਉਣ ਦੀ ਕੀਤੀ ਸ਼ਿਫਾਰਸ਼
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਉੱਚ ਸਥਾਨ ਨੂੰ ਬਰਕਰਾਰ ਰੱਖਣ ਲਈ ਹੋਰ ਸਖ਼ਤ ਮਿਹਨਤ ਕਰਨ ਲਈ ਕਿਹਾ
ਉਡੀਕ ਹਾਲਾਂ ’ਚ ਬੈਠਣ ਦੀ ਸਮਰੱਥਾ ਵਧਾਉਣ, ਅਧਾਰ ਨਾਲ ਸਬੰਧਿਤ ਸੇਵਾਵਾਂ ਲਈ ਐਕਸਕਲਿਊਸਿਵ ਕਾਊਂਟਰ ਅਤੇ ਹੋਰ ਸੁਧਾਰ ਜਲਦ ਕੀਤੇ ਜਾਣਗੇ
ਜਲੰਧਰ (ਰਮੇਸ਼ ਗਾਬਾ)
ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਦੀਆਂ ਹਦਾਇਤਾਂ ’ਤੇ ਉਪ ਮੰਡਲ ਮੈਜਿਸਟਰੇਟ, ਫਿਲੌਰ, ਸ਼ਾਹਕੋਟ ਅਤੇ ਨਕੋਦਰ ਵਲੋਂ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਸੇਵਾ ਕੇਂਦਰਾਂ ਦੀ ਕਾਰਜ ਪ੍ਰਣਾਲੀ ਵਿੱਚ ਹੋਰ ਸੁਧਾਰ ਲਿਆਉਣ ਲਈ ਅਚਨਚੇਤ ਜਾਂਚ ਕੀਤੀ ਗਈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਸ ਜਾਂਚ ਦਾ ਮੰਤਵ ਇਨਾਂ ਸੇਵਾ ਕੇਂਦਰਾਂ ਵਿੱਚ ਜੇਕਰ ਕੋਈ ਕਮੀਆਂ ਪਾਈਆਂ ਜਾਂਦੀਆਂ ਹਨ ਤਾਂ ਉਨਾਂ ਨੂੰ ਲੱਭ ਕੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਹੈ। ਉਨ੍ਹਾਂ ਦੱਸਿਆ ਕਿ ਉਪ ਮੰਡਲ ਮੈਜਿਸਟਰੇਟਾਂ ਵਲੋਂ ਇਨਾਂ ਕੇਂਦਰਾਂ ਵਿਖੇ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਜਿਸ ਵਿੱਚ ਵਾਧੂ ਕਾਊਂਟਰ ਲਗਾਉਣ ਅਤੇ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਡਿਸਪਲੇਅ ਬੋਰਡ ਲਗਾਉਣ ਸਬੰਧੀ ਸੁਝਾਅ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਟੋਕਨਾਂ ਉਤੇ ਸੰਭਾਵਿਤ ਸਮੇਂ ਦਾ ਜ਼ਿਕਰ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਆਪਣੀ ਵਾਰੀ ਦੀ ਉਡੀਕ ਨਾ ਕਰਨੀ ਪਵੇ ਅਤੇ ਉਹ ਦਿੱਤੇ ਗਏ ਸਮੇਂ ਅਨੁਸਾਰ ਹੀ ਕਾਊਂਟਰ ’ਤੇ ਆਉਣ।
ਥੋਰੀ ਨੇ ਅੱਗੇ ਦੱਸਿਆ ਕਿ ਸਬੰਧਿਤ ਐਸ.ਡੀ.ਐਮਜ ਵਲੋਂ ਜਾਂਚ ਦੌਰਾਨ ਇਹ ਵੀ ਸੁਝਾਅ ਦਿੱਤੇ ਹਨ ਕਿ ਸੇਵਾ ਕੇਂਦਰਾਂ ਵਲੋਂ ਜਾਰੀ ਕੀਤੇ ਜਾਂਦੇ ਟੋਕਨਾਂ ਦੀ ਗਿਣਤੀ ਨੂੰ ਵਧਾਇਆ ਜਾਵੇ, ਅਧਾਰ ਕਾਰਡ ਨਾਲ ਸਬੰਧਿਤ ਸੇਵਾਵਾਂ ਲਈ ਕਾਊਂਟਰ ਖੋਲ੍ਹੇ ਜਾਣ ਅਤੇ ਉਡੀਕ ਹਾਲਾਂ ਵਿੱਚ ਬੈਠਣ ਦੀ ਸਮਰੱਥਾ ਨੂੰ ਵਧਾਇਆ ਜਾਵੇ। ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰਾਂ ਦੀ ਕਾਰਜ ਪ੍ਰਣਾਲੀ ਵਿੱਚ ਹੋਰ ਸੁਧਾਰ ਲਿਆਉਣ ਲਈ ਇਨਾਂ ਸੁਝਾਵਾਂ ’ਤੇ ਪਹਿਲ ਦੇ ਅਧਾਰ ’ਤੇ ਕੰਮ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਜਲੰਧਰ ਵਲੋਂ ਇਕ ਵਾਰ ਫਿਰ ਸੇਵਾ ਕੇਂਦਰਾਂ ਰਾਹੀਂ ਨਾਗਰਿਕ ਸੇਵਾਵਾਂ ਨੂੰ ਮੁਹੱਈਆ ਕਰਵਾਕੇ ਜੀਰੋ ਪੈਂਡੇਂਸੀ ਨੂੰ ਬਰਕਰਾਰ ਰੱਖਿਆ ਹੈ। ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰਾਂ ’ਤੇ ਵੱਖ-ਵੱਖ ਸੇਵਾਵਾਂ ਨਾਲ ਸਬੰਧਿਤ 3,47,899 ਬਿਨੈਪੱਤਰ ਪ੍ਰਾਪਤ ਕੀਤੇ ਗਏ ਸਨ ਅਤੇ ਇਨਾਂ ਸਾਰਿਆਂ ਦਾ ਸਮੇਂ ਸਿਰ ਨਿਪਟਾਰਾ ਕਰਦਿਆਂ ਨਾਗਰਿਕ ਸੇਵਾਵਾਂ ਪ੍ਰਦਾਨ ਕਰਨ ਵਿੱਚ ਜੀਰੋ ਪੈਂਡੇਂਸੀ ਦੇ ਰਿਕਾਰਡ ਨੂੰ ਹਾਸਿਲ ਕੀਤਾ ਗਿਆ ਹੈ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਸਰਕਾਰੀ ਦਫ਼ਤਰਾਂ ਵਿੱਚ ਆਉਣ ਵਾਲੇ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਨ ਤੋਂ ਇਲਾਵਾ ਮੋਹਰਲੀ ਪੁਜੀਸ਼ਨ ਨੂੰ ਬਰਕਰਾਰ ਰੱਖਣ ਲਈ ਹੋਰ ਵੀ ਮਿਹਨਤ ਨਾਲ ਕੰਮ ਕੀਤਾ ਜਾਵੇ।