ਭਾਰਤੀ ਕ੍ਰਿਕਟ ਜਗਤ ’ਚ ਵੱਡਾ ਘੁਟਾਲਾ, IPL ਮੌਕਾ ਦੇਣ ਦੇ ਨਾਂ ’ਤੇ ਨੌਜਵਾਨਾਂ ਨੂੰ ਫਸਾਇਆ- ਕਈ ਵੱਡੇ ਨਾਂ ਆਏ ਸਾਹਮਣੇ

0
31

ਨਵੀਂ ਦਿੱਲੀ (TLT) ਭਾਰਤੀ ਕ੍ਰਿਕਟ ਜਗਤ ‘ਚ ਇਕ ਵਾਰ ਫਿਰ ਘੁਟਾਲੇ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਖਿਡਾਰੀਆਂ ਤੋਂ ਪੈਸੇ ਲੈ ਕੇ ਉਨ੍ਹਾਂ ਨੂੰ ਰਾਜ ਜਾਂ ਆਈਪੀਐਲ ਟੀਮਾਂ ‘ਚ ਮੌਕਾ ਦੇਣ ਲਈ ਪ੍ਰੋਤਸਾਹਨ ਦਿੱਤੇ ਜਾ ਰਹੇ ਹਨ। ਇਸ ਘੁਟਾਲੇ ‘ਚ ਗ੍ਰਿਫਤਾਰ ਕੋਚ ਕੁਲਬੀਰ ਰਾਵਤ ਨੇ ਮੰਨਿਆ ਕਿ ਉਸ ਨੇ 8-9 ਖਿਡਾਰੀਆਂ ਤੋਂ ਪੈਸੇ ਲਏ ਸਨ। ਪੁੱਛਗਿੱਛ ਦੌਰਾਨ ਰਾਵਤ ਨੇ ਸਿੱਕਮ ਕ੍ਰਿਕਟ ਐਸੋਸੀਏਸ਼ਨ ਦੇ ਚੋਣਕਾਰ ਬਿਕਸ਼ ਪ੍ਰਧਾਨ ਦਾ ਵੀ ਨਾਂ ਲਿਆ, ਜਿਸ ਦੇ ਕਥਿਤ ਤੌਰ ‘ਤੇ ਘੁਟਾਲੇਬਾਜ਼ਾਂ ਨਾਲ ਸਬੰਧ ਹਨ। ਗੁਰੂਗ੍ਰਾਮ ਪੁਲਿਸ ਛੇਤੀ ਹੀ ਉਸਨੂੰ ਜਾਂਚ ‘ਚ ਸ਼ਾਮਲ ਹੋਣ ਲਈ ਨੋਟਿਸ ਭੇਜੇਗੀ।

ਮੀਡੀਆ ਰਿਪੋਰਟਾਂ ਅਨੁਸਾਰ ਪੁਲਿਸ ਨੇ ਕਿਹਾ ਕਿ ਗੱਲਬਾਤ ‘ਚ ਯੂਪੀ ਕ੍ਰਿਕਟ ਐਸੋਸੀਏਸ਼ਨ ਦੇ ਚੋਣਕਾਰ ਅਕਰਮ ਖਾਨ, ਉਪ ਪ੍ਰਧਾਨ ਮਹਿਮ ਵਰਮਾ ਤੇ ਉੱਤਰਾਖੰਡ ਕ੍ਰਿਕਟ ਐਸੋਸੀਏਸ਼ਨ ਦੇ ਸੀਈਓ ਅਮਨ ਦਾ ਜ਼ਿਕਰ ਹੈ। ਪੁਲਿਸ ਨੇ ਦੱਸਿਆ ਕਿ ਰਾਵਤ ਨੇ ਗੱਲਬਾਤ ‘ਚ ਇਹ ਵੀ ਸੰਕੇਤ ਦਿੱਤਾ ਕਿ ਉਸ ਨੇ ਯੂਪੀ ਤੇ ਉਤਰਾਖੰਡ ਕ੍ਰਿਕਟ ਐਸੋਸੀਏਸ਼ਨਾਂ ਰਾਹੀਂ ਕਈ ਵਾਰ ਉਮੀਦਵਾਰਾਂ ਦੀ ਚੋਣ ਕੀਤੀ ਸੀ। ਪੁਲਿਸ ਜਾਂਚ ‘ਚ ਸ਼ਾਮਲ ਹੋਣ ਲਈ ਚੈਟ ‘ਚ ਦੱਸੇ ਗਏ ਨਾਵਾਂ ਨੂੰ ਨੋਟਿਸ ਦੇਣ ਲਈ ਵੀ ਤਿਆਰ ਹੈ। ਆਸ਼ੂਤੋਸ਼ ਬੋਰਾ ਦੀ ਫਰਮ ਦੇ ਖਾਤੇ ਤੋਂ ਰਾਵਤ ਦੇ ਖਾਤੇ ‘ਚ 35 ਲੱਖ ਰੁਪਏ ਤੋਂ ਵੱਧ ਦੀ ਰਕਮ ਟ੍ਰਾਂਸਫਰ ਕੀਤੀ ਗਈ ਸੀ।

4 ਸਤੰਬਰ ਨੂੰ ਗੁਰੂਗ੍ਰਾਮ ਪੁਲਿਸ ਨੇ ਇਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਸੀ ਜੋ ਨੌਜਵਾਨ ਕ੍ਰਿਕਟਰਾਂ ਨੂੰ ਕਈ ਲੱਖਾਂ ਰੁਪਏ ਦੀ ਠੱਗੀ ਮਾਰਦਾ ਸੀ ਤੇ ਉਨ੍ਹਾਂ ਨੂੰ ਵੱਖ – ਵੱਖ ਟੀਮਾਂ ਤੇ ਟੂਰਨਾਮੈਂਟਾਂ ‘ਚ ਚੋਣ ਦਾ ਵਾਅਦਾ ਕਰਦਾ ਸੀ। ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਸਪੋਰਟਸ ਮੈਨੇਜਮੈਂਟ ਕੰਪਨੀ ਸਕਿਓਰ ਕਾਰਪੋਰੇਟ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ (ਐਸਸੀਐਮ) ਦੇ ਡਾਇਰੈਕਟਰ ਸਨ ਜਦਕਿ ਬਾਕੀ ਤਿੰਨ ਮੁਲਜ਼ਮ ਅਜੇ ਫਰਾਰ ਹਨ।