ਰੋਡਵੇਜ਼ ਦਾ ਧਰਨਾ ਰੱਦ, ਬੱਸਾਂ ਰਹਿਣਗੀਆਂ ਚੱਲਦੀਆਂ

0
31

ਜਲੰਧਰ (ਹਰਪ੍ਰੀਤ ਕਾਹਲੋਂ) ਪੰਜਾਬ ਰੋਡਵੇਜ਼ ਪਨਬੱਸ ਅਤੇ ਪੀਆਰਟੀਸੀ ਵੱਲੋਂ ਮੰਨੀਆਂ ਮੰਗਾਂ ਲਾਗੂ ਨਾ ਕਰਨ ਦੇ ਰੋਸ ਵਜੋਂ ਅੱਜ ਸਾਂਝੇ ਤੌਰ ‘ਤੇ ਪੰਜਾਬ ਦੇ ਸਾਰੇ ਬੱਸ ਸਟੈਂਡ ਬੰਦ ਕੀਤੇ ਜਾਣੇ ਸਨ। ਇਸੇ ਤਹਿਤ ਪਨਬਸ ਤੇ ਪੀਆਰਟੀਸੀ ਠੇਕਾ ਮੁਲਾਜ਼ਮ ਯੂਨੀਅਨ ਜਲੰਧਰ ਵੱਲੋਂ ਵੀ ਜਲੰਧਰ ਦਾ ਸ਼ਹੀਦ ਭਗਤ ਸਿੰਘ ਅੰਤਰਰਾਜੀ ਬੱਸ ਸਟੈਂਡ ਸਵੇਰੇ 10 ਤੋਂ 2 ਵਜੇ ਤੱਕ ਬੰਦ ਕੀਤਾ ਜਾਣਾ ਸੀ। ਪਰ ਇਸ ਫੈਸਲੇ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਨਬਸ ਤੇ ਪੀਆਰਟੀਸੀ ਠੇਕਾ ਮੁਲਾਜ਼ਮ ਯੂਨੀਅਨ ਜਲੰਧਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨਾਂ ਵਿਚ ਅਣਮਿੱਥੇ ਸਮੇਂ ਦੀ ਹੜਤਾਲ ਨੂੰ ਸਮਾਪਤ ਕਰਨ ਸਮੇਂ 14 ਸਤੰਬਰ ਨੂੰ ਪਨਬੱਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ 8 ਦਿਨ ਦਾ ਸਮਾਂ ਮੰਗਿਆ ਗਿਆ ਸੀ ਅਤੇ ਤਨਖਾਹ ਵਿਚ 30% ਵਾਧਾ 15 ਸਤੰਬਰ ਤੋਂ ਕਰਨ ਅਤੇ ਹੜਤਾਲ ਨੂੰ ਬਿਨਾਂ ਕਟੌਤੀ ਖੋਲ੍ਹਣ ‘ਤੇ ਫੈਸਲਾ ਹੋਇਆ ਸੀ। ਇਸ ਲਈ ਯੂਨੀਅਨ ਵੱਲੋਂ ਸਰਕਾਰ ਨੂੰ 28 ਸਤੰਬਰ ਤੱਕ ਦਾ ਸਮਾਂ ਦਿੱਤਾ ਗਿਆ ਸੀ ਜੋ ਬੀਤ ਚੁੱਕਾ ਹੈ ਪ੍ਰੰਤੂ ਕੋਈ ਵੀ ਪੱਤਰ ਜਾਰੀ ਨਹੀਂ ਹੋਇਆ। ਇਸ ਲਈ ਯੂਨੀਅਨ ਵਲੋਂ ਮੰਨੀਆਂ ਮੰਗਾਂ ਨੂੰ ਮਨਾਉਣ ਲਈ ਸੰਘਰਸ਼ ਦੇ ਰਾਹ ‘ਤੇ ਮੁੜ ਚੱਲਣਾ ਪਿਆ ਹੈ ਕਿਉਂਕਿ ਮਹਿਕਮੇ ਦੇ ਉੱਚ ਅਧਿਕਾਰੀਆਂ ਵਲੋਂ ਬਹਾਨੇਬਾਜ਼ੀ ਕੀਤੀ ਜਾ ਰਹੀ ਹੈ ਜਦੋਂ ਕਿ ਇਹ ਫੈਸਲਾ ਅਧਿਕਾਰੀਆਂ ਦੀ ਸਹਿਮਤੀ ਨਾਲ ਹੋਇਆ ਸੀ ਅਤੇ ਪਨਬੱਸ ਦੇ ਫੈਸਲੇ ਮਹਿਕਮੇ ਦੇ ਅਧਿਕਾਰੀਆਂ ਦੇ ਹੱਥ ਵਿੱਚ ਹਨ।ਉਨ੍ਹਾਂ ਦੱਸਿਆ ਕਿ ਪੰਜਾਬ ਰੋਡਵੇਜ਼ ਵਿਚ ਬੱਸਾਂ ਦੀ ਘਾਟ ਹੈ ਅਤੇ ਰੋਡਵੇਜ਼ ਵਿਚ ਤਰੱਕੀ ਬਿਨਾਂ ਟਰਾਂਸਪੋਰਟ ਮੰਤਰੀ ਦੀ ਪ੍ਰਵਾਨਗੀ ਦੇ ਸੰਭਵ ਨਹੀਂ ਹੈ ਪ੍ਰੰਤੂ ਬਿਨਾਂ ਟਰਾਂਸਪੋਰਟ ਮੰਤਰੀ ਦੇ ਇਹ ਪ੍ਰਮੋਸ਼ਨਾਂ ਕੀਤੀਆਂ ਗਈਆਂ ਹਨ, ਜਿਸ ਵਿਚ ਵੱਡੇ ਪੱਧਰ ‘ਤੇ ਕੁਰੱਪਸ਼ਨ ਦੀ ਸ਼ੰਕਾ ਝਲਕਦੀ ਹੈ। ਕਿਉਂਕਿ ਜੋ ਕੰਮ ਅਧਿਕਾਰੀਆਂ ਦਾ ਸੀ ਉਹ ਕੀਤਾ ਨਹੀਂ ਗਿਆ ਅਤੇ ਜੋ ਕੰਮ ਮੰਤਰੀ ਦੇ ਹੁਕਮਾਂ ਨਾਲ ਹੋਣਾ ਸੀ ਬਿਨਾਂ ਮੰਤਰੀ ਦੇ ਕੀਤਾ ਗਿਆ ਹੈ। ਇਸ ਲਈ ਯੂਨੀਅਨ ਨੂੰ ਇਹ ਸਪਸ਼ਟ ਨਜ਼ਰ ਆਉਂਦਾ ਹੈ ਕਿ ਅਧਿਕਾਰੀਆਂ ਵਲੋਂ ਪਨਬੱਸ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅਤੇ ਸਰਕਾਰ ਵੀ ਕੀਤੇ ਵਾਅਦੇ ਪੂਰੇ ਨਹੀਂ ਕਰ ਰਹੀ।