ਕੇਂਦਰ ਸਰਕਾਰ ਦੀ ਵੱਡੀ ਪਹਿਲ: ਜ਼ਖ਼ਮੀ ਨੂੰ ਹਸਪਤਾਲ ਪਹੁੰਚਾਓ, ਪੰਜ ਹਜ਼ਾਰ ਪਾਓ

0
47

ਨਵੀਂ ਦਿੱਲੀ (TLT) ਸੜਕ ਹਾਦਸੇ ‘ਚ ਗੰਭੀਰ ਰੂਪ ਨਾਲ ਜ਼ਖ਼ਮੀਆਂ ਦੀ ਜਾਨ ਬਚਾਉਣ ਲਈ ਮੋਦੀ ਸਰਕਾਰ ਨੇ ਵੱਡੀ ਪਹਿਲ ਕੀਤੀ ਹੈ। ਸੜਕੀ ਮੰਤਰਾਲਾ ਸੜਕ ਦੁਰਘਟਨਾ ਦੇ ਪੀੜਤਾਂ ਨੂੰ ਗੰਭੀਰ ਸੱਟ ਲੱਗਣ ਦੇ ਇਕ ਘੰਟੇ ਅੰਦਰ ਹਸਪਤਾਲ ਪਹੁੰਚਾਉਣ ਵਾਲੇ ਲੋਕਾਂ ਨੂੰ ਪੰਜ ਹਜ਼ਾਰ ਰੁਪਏ ਨਕਦ ਇਨਾਮ ਦੇਵੇਗਾ। ਮੰਤਰਾਲੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਮੁੱਖ ਸਕੱਤਰਾਂ ਤੇ ਆਵਾਜਾਈ ਸਕੱਤਰਾਂ ਨੂੰ ਲਿਖੇ ਪੱਤਰ ‘ਚ ਕਿਹਾ ਕਿ ਇਹ ਯੋਜਨਾ 15 ਅਕਤੂਬਰ, 2021 ਤੋਂ 31 ਮਾਰਚ, 2026 ਤਕ ਪ੍ਰਭਾਵੀ ਹੋਵੇਗੀ।

ਮੰਤਰਾਲੇ ਨੇ ਸੋਮਵਾਰ ਨੂੰ ‘ਨੇਕ ਮਦਦਗਾਰ ਨੂੰ ਪੁਰਸਕਾਰ ਦੇਣ ਦੀ ਯੋਜਨਾ’ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਮੰਤਰਾਲੇ ਨੇ ਕਿਹਾ ਕਿ ਇਸ ਯੋਜਨਾ ਦਾ ਮਕਸਦ ਐਂਮਰਜੈਂਸੀ ਸਥਿਤੀ ‘ਚ ਸੜਕ ਦੁਰਘਟਨਾ ਪੀੜਤਾਂ ਦੀ ਮਦਦ ਕਰਨ ਲਈ ਆਮ ਜਨਤਾ ਨੂੰ ਪ੍ਰੇਰਿਤ ਕਰਨਾ ਹੈ। ਨਕਦ ਪੁਰਸਕਾਰ ਨਾਲ ਇਕ ਪ੍ਰਮਾਣ ਪੱਤਰ ਵੀ ਦਿੱਤਾ ਜਾਵੇਗਾ। ਮੰਤਰਾਲੇ ਨੇ ਕਿਹਾ ਕਿ ਇਸ ਪੁਰਸਕਾਰ ਤੋਂ ਇਲਾਵਾ ਰਾਸ਼ਟਰੀ ਪੱਧਰ ‘ਤੇ 10 ਸਭ ਤੋਂ ਨੇਕ ਮਦਦਗਾਰਾਂ ਨੂੰ ਇਕ-ਇਕ ਲੱਖ ਰੁਪਏ ਦਾ ਪੁਰਸਕਾਰ ਦਿੱਤਾ ਜਾਵੇਗਾ।

ਮੰਤਰਾਲਾ ਇਸ ਲਈ ਨਵਾਂ ਪੋਰਟਲ ਸ਼ੁਰੂ ਕਰੇਗਾ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਹਰ ਮਹੀਨੇ ਜ਼ਖ਼ਮੀਆਂ ਦੀ ਮਦਦ ਕਰਨ ਵਾਲੇ ਨਾਗਰਿਕ ਦਾ ਨਾਂ, ਪਤਾ, ਮੋਬਾਈਲ ਨੰਬਰ, ਘਟਨਾ ਦੀ ਜਾਣਕਾਰੀ ਆਦਿ ਦਾ ਵੇਰਵਾ ਪੋਰਟਲ ‘ਤੇ ਦਰਜ ਕੀਤਾ ਜਾਵੇਗਾ। ਇਹ ਜਾਣਕਾਰੀ ਸਥਾਨਕ ਪੁਲਿਸ ਜਾਂ ਹਸਪਤਾਲ-ਟ੍ਰਾਮਾ ਸੈਂਟਰ ਸਟਾਫ ਵੀ ਪੋਰਟਲ ‘ਤੇ ਅਪਲੋਡ ਕਰ ਸਕੇਗਾ। ਹਰੇਕ ਹਾਦਸੇ ‘ਚ ਮਦਦ ਕਰਨ ‘ਤੇ ਵਿਅਕਤੀ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਪੰਜ ਹਜ਼ਾਰ ਦੀ ਨਕਦ ਰਾਸ਼ੀ ਦਿੱਤੀ ਜਾਵੇਗੀ। ਇਕ ਸਾਲ ‘ਚ ਇਹ ਰਾਸ਼ੀ ਜ਼ਿਆਦਾ ਪੰਜ ਵਾਰ ਹੀ ਦਿੱਤੀ ਜਾ ਸਕੇਗੀ। ਹਾਲ ਹੀ ‘ਚ ਲੋਕ ਸਭਾ ‘ਚ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਸੀ ਕਿ ਕੈਲੰਡਰ ਸਾਲ 2020 ਦੌਰਾਨ ਭਾਰਤ ‘ਚ ਕੁੱਲ 3,66,138 ਸੜਕ ਦੁਰਘਟਨਾਵਾਂ ਹੋਈਆਂ ਹਨ ਜਿਸ ‘ਚ 1,31,714 ਮੌਤਾਂ ਹੋਈਆਂ ਹਨ।