ਦੁਰਲਭ ਬਿਮਾਰੀ ਤੋਂ ਪੀੜਤ ਬੱਚੇ ਨੂੰ ਲੱਗੀ ਇੰਨੀ ਭੁੱਖ ਕਿ ਚਬਾ ਲਈਆਂ ਆਪਣੀਆਂ ਉਂਗਲੀਆਂ ਤੇ ਜੀਭ, ਦੇਸ਼ ’ਚ ‘ਰੋਹਾਡ ਨੈੱਟ’ ਦਾ ਪਹਿਲਾ ਮਾਮਲਾ

0
37

ਕੋਲਕਾਤਾ (TLT) ਕੋਲਕਾਤਾ ਦੇ ਇਕ ਹਸਪਤਾਲ ਇੰਸਟੀਚਿਊਟ ਆਫ ਚਾਈਲਡ ਹੈਲਥ ’ਚ ਭਰਤੀ ਇਕ ਪੰਜ ਸਾਲ ਦਾ ਬੱਚਾ ਦੁਰਲਭ ਬਿਮਾਰੀ ‘ਰੋਹਾਡ ਨੈੱਟ’ ਤੋਂ ਪੀੜਤ ਹੈ। ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਬਿਮਾਰੀ ਦੁਨੀਆ ’ਚ ਹੁਣ ਤਕ ਇੱਕਾ-ਦੁੱਕਾ ਲੋਕਾਂ ਨੂੰ ਹੀ ਹੋਈ ਹੈ। ਇਹ ਬਿਮਾਰੀ ਲਾਇਲਾਜ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਭਾਰਤ ’ਚ ਪਹਿਲਾਂ ਮਾਮਲਾ ਹੈ।

ਦਰਅਸਲ, ਬੱਚੇ ਦੀ ਰੀੜ੍ਹ ਦੀ ਹੱਡੀ ’ਚ ਇਕ ਛੋਟਾ ਜਿਹਾ ਟਿਊਮਰ ਸੀ, ਜਿਸਨੇ ਉਸਦੇ ਸਰੀਰ ’ਚ ਹਾਰਮੋਨਲ ਕਿਰਿਆ ਨੂੰ ਬਦਲ ਕੇ ਰੱਖ ਦਿੱਤਾ। ਉਸਨੂੰ ਤੇਜ਼ ਭੁੱਖ ਲੱਗਣ ਲੱਗੀ। ਭੁੱਖ ਕਾਰਨ ਉਸਨੇ ਆਪਣੀਆਂ ਕਈ ਉਂਗਲੀਆਂ ਤੇ ਜੀਭ ਤਕ ਨੂੰ ਵੀ ਚਬਾ ਲਿਆ ਹੈ ਅਤੇ ਸਰੀਰ ਦੇ ਕਈ ਹਿੱਸਿਆਂ ਨੂੰ ਵੀ ਕੱਟ ਕੇ ਖਾ ਲਿਆ।

ਇਕ ਮਹੀਨੇ ’ਚ ਉਸਦਾ ਭਾਰ 16 ਕਿਲੋ ਤੋਂ ਵੱਧ ਕੇ 32 ਕਿਲੋ ਹੋ ਗਿਆ। ਬੱਚੇ ਨੇ ਵੱਧ ਭਾਰ ਹੋਣ ਕਾਰਨ ਬਿਸਤਰੇ ਤੋਂ ਉੱਠਣ ਦੀ ਸਮਰੱਥਾ ਗੁਆ ਦਿੱਤੀ ਹੈ। ਹਰ ਸਮੇਂ ਉਸਨੂੰ ਖਾਣ ਦੀ ਇੱਛਾ ਹੁੰਦੀ ਹੈ। ਅੱਧੀ ਜੀਭ ਖਾਣ ਤੋਂ ਬਾਅਦ ਉਥੇ ਸੰਕ੍ਰਮਣ ਸ਼ੁਰੂ ਹੋ ਗਿਆ ਹੈ। ਬੱਚੇ ਦੇ ਮਾਤਾ-ਪਿਤਾ ਹਸਪਤਾਲ ਦੇ ਬਿਸਤਰ ’ਤੇ ਰਾਤ-ਦਿਨ ਉਸਦੀ ਨਿਗਰਾਨੀ ਕਰਦੇ ਰਹਿੰਦੇ ਹਨ, ਤਾਂਕਿ ਉਹ ਆਪਣੇ ਸਰੀਰ ਦਾ ਕੋਈ ਅੰਗ ਨਾ ਕੱਟ ਲਵੇ। ਨਰਸ ਵੀ ਹਮੇਸ਼ਾ ਮੌਜੂਦ ਰਹਿੰਦੀ ਹੈ।

ਇੰਸਟੀਚਿਊਟ ਆਫ ਚਾਈਲਡ ਹੈਲਥ ਦੇ ਨਿਰਦੇਸ਼ਕ ਤੇ ਦੇਸ਼ ਦੇ ਮੰਨੇ-ਪ੍ਰਮੰਨੇ ਬਾਲ ਰੋਗ ਮਾਹਰ ਅਪੂਰਬ ਘੋਸ਼ ਨੇ ਕਿਹਾ ਕਿ ਦੇਸ਼-ਵਿਦੇਸ਼ ਦੇ ਬਾਲ ਰੋਗ ਮਾਹਰਾਂ ਤੇ ਖੋਜਕਰਤਾਵਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਜੋਖ਼ਮ ਲੈ ਕੇ ਪਿਛਲੇ ਦਿਨੀਂ ਬੱਚੇ ਦੇ ਟਿਊਮਰ ਦਾ ਆਪਰੇਸ਼ਨ ਕੀਤਾ ਗਿਆ ਹੈ। ਬੱਚੇ ਨੂੰ ਫਿਲਹਾਲ ਨਿਗਰਾਨੀ ’ਚ ਰੱਖਿਆ ਗਿਆ ਹੈ। ਬੱਚੇ ਦੀ ਬਿਮਾਰੀ ਨਾਲ ਜੁੜੇ ਕਈ ਪਹਿਲੂਆਂ ਨੂੰ ਲੈ ਕੇ ਡਾਕਟਰਾਂ ਦੀ ਟੀਮ ਲਗਾਤਾਰ ਅਧਿਐਨ ਕਰ ਰਹੀ ਹੈ। ਉਸਦੇ ਜੀਨ ਦਾ ਵੀ ਪ੍ਰੀਖਣ ਕੀਤਾ ਜਾਵੇਗਾ।

ਡਾਕਟਰ ਘੋਸ਼ ਦਾ ਕਹਿਣਾ ਹੈ ਕਿ ਇਸ ਦੁਰਲਭ ਬਿਮਾਰੀ ਦਾ ਪੂਰਾ ਨਾਮ ਰੈਪਿਡ-ਆਨਸੈੱਟ ਓਬੇਸਿਟੀ ਵਿਦ ਹਾਈਪੋਥੈਲੇਮਿਕ ਡਿਸਫੰਕਸ਼ਨ ਹਾਈਪੋਵੇਂਟਿਲੇਸ਼ਨ ਐਂਡ ਆਟੋਮੈਟਿਕ ਡਿਸਰੇਗਯੂਲੇਸ਼ਨ (ਆਰਓਐੱਚਐੱਚਏਡੀ ਭਾਵ ਰੋਹਾਡ) ਨੈੱਟ ਹੈ, ਜਿਸ ਨਾਲ ਦੁਨੀਆ ’ਚ ਇੱਕਾ-ਦੁੱਕਾ ਲੋਕ ਹੀ ਗ੍ਰਸਤ ਹੋਏ ਹਨ। ਇਹ ਬਿਮਾਰੀ ਦੇ ਸਟੀਕ ਕਾਰਨਾਂ ਦਾ ਹਾਲੇ ਤਕ ਪਤਾ ਨਹੀਂ ਲੱਗ ਸਕਿਆ ਹੈ। ਸਰਜਰੀ ਤੋਂ ਬਾਅਦ ਬੱਚੇ ਦੀ ਸਥਿਤੀ ’ਚ ਥੋੜ੍ਹੇ ਸੁਧਾਰ ਦੀ ਗੁੰਜਾਇਸ਼ ਹੈ, ਪਰ ਇਹ ਬਿਮਾਰੀ ਲਾਇਲਾਜ ਹੈ।

ਦੱਸਣਯੋਗ ਹੈ ਕਿ ਸਾਲ 2014 ’ਚ ਮੁੰਬਈ ’ਚ ਇਕ ਪੰਜ ਸਾਲ ਦੀ ਬੱਚੀ ਇਸ ਬਿਮਾਰੀ ਨਾਲ ਮਿਲਦੀ-ਜੁਲਦੀ ‘ਰੋਹਾਡ ਸਿੰਡਰੋਮ’ ਤੋਂ ਪੀੜਤ ਹੋਈ ਸੀ। ਹਾਲਾਂਕਿ ਇਸਦੇ ਲੱਛਣ ਅਲੱਗ ਹਨ। ਇਸ ਬਿਮਾਰੀ ਕਾਰਨ ਬੱਚੀ ਦੇ ਸਾਹ ਸੌਂਦੇ ਸਮੇਂ ਬੰਦ ਹੋ ਜਾਂਦੇ ਸਨ ਜਾਂ ਘੱਟ ਹੋ ਜਾਂਦੇ ਸਨ।