ਪਟਵਾਰੀਆਂ ਨੂੰ ਸੰਘਰਸ਼ ਮਹਿੰਗਾ ਪੈਣ ਲੱਗਾ, ਖੁੱਸੇਗਾ ਖਸਰਾ ਗਿਰਦਵਾਰੀਆਂ ਦਾ ਕੰਮ

0
40

ਬਡਰੁੱਖਾਂ (TLT) ਜਲਦੀ ਹੀ ਜਾਇਦਾਦ ਦੀਆਂ ਖਸਰਾ ਗਿਰਦਵਾਰੀਆਂ ਦਾ ਕੰਮ ਪਟਵਾਰੀਆਂ ਦੇ ਹੱਥੋਂ ਖੁੱਸ ਜਾਵੇਗਾ ਤੇ ਫਰਦਾਂ ਵਾਂਗ ਆਨਲਾਈਨ ਗਿਰਦਾਵਰੀ ਕੱਢੀ ਜਾ ਸਕੇਗੀ। ਜਾਣਕਾਰਾਂ ਅਨੁਸਾਰ ਹੁਣ ਤਕ ਖਸਰਾ ਗਿਰਦਵਾਰੀ ਜਾਂ ਪੁਰਾਣਾ ਜ਼ਮੀਨੀ ਰਿਕਾਰਡ ਲੁਹਾਉਣ ਲਈ ਲੋਕ ਪਟਵਾਰੀਆਂ ਦੇ ਮੁਥਾਜ ਸਨ। ਪਟਵਾਰੀਆਂ ਨੂੰ ਉਜਰਤ ਵਜੋਂ 20 ਰੁਪਏ ਪ੍ਰਤੀ ਪੇਜ ਸਰਕਾਰੀ ਫੀਸ ਲੈਣ ਦਾ ਅਧਿਕਾਰ ਹੈ ਪਰ ਬਹੁ-ਗਿਣਤੀ ਪਟਵਾਰੀ ਦਸ-ਦਸ ਗੁਣਾ ਤਕ ਲੋਕਾਂ ਤੋਂ ਪੈਸੇ ਵਸੂਲ ਲੈਂਦੇ ਦੱਸੇ ਜਾਂਦੇ ਹਨ। ਜ਼ਮੀਨੀ ਰਿਕਾਰਡ ਸੰਭਾਲ ਕਰਨ ਵਾਲੀ ਪੰਜਾਬ ਲੈਂਡ ਰਿਕਾਰਡਜ਼ ਸੁਸਾਇਟੀ ਨੇ ਹੁਣ ਖਸਰਾ ਗਿਰਦਵਾਰੀਆਂ ਦਾ ਕੰਮ ਆਨਲਾਈਨ ਕਰਨ ਲਈ ਦਿਨ-ਰਾਤ ਇਕ ਕਰ ਦਿੱਤਾ ਹੈ। ਫਰਦ ਕੱਢਣ ਵਾਲੇ ਕੰਪਿਊਟਰ ਆਪਰੇਟਰ ਖ਼ਾਸ ਤੌਰ ’ਤੇ ਗਿਰਦਵਾਰੀਆਂ ਦੀ ਐਂਟਰੀ ਲਈ ਤਾਇਨਾਤ ਕਰ ਦਿੱਤੇ ਗਏ ਹਨ। ਕਈ ਫਰਦਾਂ ਕੇਂਦਰਾਂ ਵਿਚ ਤਾਂ ਇਸ ਕੰਮ ਨੂੰ ਨੇਪਰੇ ਚਾਡ਼੍ਹਨ ਲਈ ਤਿੰਨ ਦਿਨ ਫਰਦਾਂ ਕੱਢਣ ’ਤੇ ਪਾਬੰਦੀ ਲਗਾ ਦਿੱਤੀ ਗਈ। ਸੁਸਾਇਟੀ ਇਸ ਮਹੀਨੇ ਦੇ ਅੰਤ ਤਕ ਤਮਾਮ ਗਿਰਦਾਵਰੀਆਂ ਦੀ ਐਂਟਰੀ ਆਨਲਾਈਨ ਕਰਨ ਦਾ ਟੀਚਾ ਲੈ ਕੇ ਚੱਲ ਰਹੀ ਹੈ। ਬੇਸ਼ੱਕ ਗਿਰਦਵਾਰੀ ਆਨਲਾਈਨ ਹੋਣ ਨਾਲ ਫਰਦ ਕੇਂਦਰਾਂ ਵਿਚ ਭੀਡ਼ ਤਾਂ ਵਧੇਗੀ ਪਰ ਪਟਵਾਰੀਆਂ ਦਾ ‘ਕਮਾਊ ਪੁੱਤ’ ਉਨ੍ਹਾਂ ਕੋਲੋਂ ਚਲਾ ਜਾਵੇਗਾ। ਪਟਵਾਰ ਯੂਨੀਅਨ ਦੇ ਨੁਮਾਇੰਦੇ ਹਸਨ ਭਾਰਦਵਾਜ ਨੇ ਪੁਸ਼ਟੀ ਕੀਤੀ ਕਿ ਗਿਰਦਾਵਰੀਆਂ ਆਨਲਾਈਨ ਕਰਨ ਲਈ ਬਹੁਤ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਏਐੱਸਐੱਮ ਗੌਰਵ ਕੁਮਾਰ ਨੇ ਦੱਸਿਆ ਕਿ ਹਾਲੇ ਗਿਰਦਵਾਰੀਆਂ ਆਨਲਾਈਨ ਕੀਤੀਆਂ ਜਾ ਰਹੀਆਂ ਹਨ ਪਰ ਜ਼ਿਆਦਾ ਜਾਣਕਾਰੀ ਅਗਲੇ ਹੁਕਮਾਂ ਤੋਂ ਬਾਅਦ ਦਿੱਤੀ ਜਾ ਸਕਦੀ ਹੈ।ਲਗਭਗ ਤਿੰਨ ਮਹੀਨੇ ਪਟਵਾਰੀਆਂ ਨੇ ਖਾਲੀ ਸਰਕਲਾਂ ਦਾ ਕੰਮ ਬੰਦ ਰੱਖਿਆ। ਇਸ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਪੰਜਾਬ ਸਰਕਾਰ ਦੇ ਉੱਚ ਅਧਿਕਾਰੀ ਨੇ ਸੇਵਾਮੁਕਤ ਪਟਵਾਰੀਆਂ ਤੇ ਕਾਨੂੰਨਗੋਆਂ ਨੂੰ ਭਰਤੀ ਕਰਨ ਦਾ ਸੁਝਾਅ ਦਿੱਤਾ, ਜਿਸ ਨੂੰ ਅਮਲ ਵਿਚ ਲਿਆਉਣ ਦੀ ਕਾਰਵਾਈ ਜਾਰੀ ਹੈ। ਖਸਰਾ ਗਿਰਦਵਾਰੀਆਂ ਆਨਲਾਈਨ ਕਰਨ ਦੇ ਅਮਲ ਨੂੰ ਲੋਕਾਂ ਦੀ ਪਟਵਾਰੀਆਂ ’ਤੇ ਨਿਰਭਰਤਾ ਘਟਾਉਣ ਦੇ ਸੰਦਰਭ ਵਿਚ ਵੇਖਿਆ ਜਾ ਰਿਹਾ ਹੈ।