ਸ਼ੱਕੀ ਹਾਲਾਤ ‘ਚ ਅਧਖੜ ਵਿਅਕਤੀ ਤੇ ਨਾਬਾਲਗ ਲੜਕੀ ਲਾਪਤਾ, ਅਣਪਛਾਤਿਆਂ ਖਿਲਾਫ਼ ਪਰਚਾ ਦਰਜ

0
39

ਲੁਧਿਆਣਾ (TLT) ਮਹਾਨਗਰ ਦੇ ਦੋ ਵੱਖ ਵੱਖ ਇਲਾਕਿਆਂ ਵਿੱਚੋਂ ਦੋ ਜਣੇ ਸ਼ੱਕੀ ਹਾਲਾਤ ਚ ਲਾਪਤਾ ਹੋ ਗਏ। ਪਹਿਲੇ ਮਾਮਲੇ ਵਿੱਚ ਸਥਾਨਕ ਸੂਦਾਂ ਮੁਹੱਲਾ ਰਹਿਣ ਵਾਲੇ ਪਰਿਵਾਰ ਦਾ ਬਜ਼ੁਰਗ ਸ਼ੱਕੀ ਹਾਲ ਵਿੱਚ ਲਾਪਤਾ ਹੋ ਗਿਆ। ਉਕਤ ਮਾਮਲੇ ਵਿੱਚ ਥਾਣਾ ਡਵੀਜਨ ਨੰਬਰ ਚਾਰ ਦੀ ਪੁਲਿਸ ਨੇ ਸੂਦਾਂ ਮੁਹੱਲੇ ਦੇ ਰਹਿਣ ਵਾਲੇ ਇਸ਼ਾਂਨ ਭਾਰਦਵਾਜ ਦੇ ਬਿਆਨ ਉੱਪਰ ਪਰਚਾ ਦਰਜ ਕੀਤਾ ਹੈ।

ਇਸ਼ਾਂਨ ਮੁਤਾਬਿਕ ਉਸਦੇ ਪਿਤਾ ਹਰਸ਼ ਕੁਮਾਰ (53) ਸਵੇਰੇ ਹਿਮਾਚਲ ਜਾਣ ਲਈ ਘਰੋਂ ਨਿਕਲੇ ਸਨ। ਕਈ ਦਿਨ ਬੀਤ ਜਾਣ ਮਗਰੋਂ ਵੀ ਉਹ ਘਰ ਵਾਪਿਸ ਨਾ ਪਰਤੇ ਤਾਂ ਉਨ੍ਹਾਂ ਆਪਣੇ ਪੱਧਰ ਤੇ ਬਜ਼ੁਰਗ ਦੀ ਭਾਲ ਸ਼ੁਰੂ ਕਰ ਦਿੱਤੀ। ਕਾਫੀ ਭੱਜਨੱਠ ਦੇ ਬਾਵਜੂਦ ਪਿਤਾ ਦਾ ਕੋਈ ਸੁਰਾਗ ਹੱਥ ਨਾ ਲੱਗਾ ਤਾਂ ਉਨ੍ਹਾਂ ਥਾਣਾ ਡਵੀਜ਼ਨ ਨੰਬਰ ਚਾਰ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ। ਉਨ੍ਹਾਂ ਸ਼ੱਕ ਜ਼ਾਹਿਰ ਕੀਤਾ ਕਿ ਕਿਸੇ ਨੇ ਨਿਜੀ ਸਵਾਰਥ ਲਈ ਉਸਦੇ ਪਿਤਾ ਨੂੰ ਅਗਵਾ ਕਰਕੇ ਆਪਣੀ ਹਿਰਾਸਤ ਵਿੱਚ ਰੱਖਿਆ ਹੋਇਆ ਹੈ।

ਅਜਿਹੇ ਹੀ ਦੂਜੇ ਮਾਮਲੇ ਵਿੱਚ ਥਾਣਾ ਹੈਬੋਵਾਲ ਪੁਲਿਸ ਨੇ ਰਾਮ ਦਿਆਲ ਸ਼ਰਮਾ ਵਾਸੀ ਕੁੰਜ ਵਿਹਾਰ ਜੱਸੀਆਂ ਰੋਡ ਦੇ ਬਿਆਨ ਉੱਪਰ ਪਰਚਾ ਦਰਜ ਕੀਤਾ ਹੈ।ਸ਼ਿਕਾਇਤਕਰਤਾ ਮੁਤਾਬਿਕ ਉਸਦੀ ਕਰੀਬ ਤੇਰਾਂ ਸਾਲ ਦੀ ਨਾਬਾਲਿਗ ਬੇਟੀ ਬਿਨਾਂ ਕਿਸੇ ਨੂੰ ਕੁੱਝ ਦੱਸੇ ਘਰੋਂ ਚਲੀ ਗਈ ਅਤੇ ਦੇਰ ਸ਼ਾਮ ਤੱਕ ਘਰ ਵਾਪਿਸ ਨਹੀਂ ਆਈ। ਦੇਰ ਰਾਤ ਤੱਕ ਲੜਕੀ ਘਰ ਆਏ ਪੁੱਜੀ ਤਾਂ ਉਨ੍ਹਾਂ ਇਸ ਸਬੰਧੀ ਥਾਣਾ ਹੈਬੋਵਾਲ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਖਦਸ਼ਾ ਜਾਹਿਰ ਕੀਤਾ ਕਿ ਉਸਦੀ ਨਾਬਾਲਿਗ ਬੇਟੀ ਨੂੰ ਕਿਸੇ ਨੇ ਨਿਜੀ ਮੁਫਾਦ ਲਈ ਅਗਵਾ ਕਰਕੇ ਆਪਣੇ ਕਬਜੇ ਵਿੱਚ ਰੱਖਿਆ ਹੋਇਆ ਹੈ।ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਹਰਮੇਸ਼ ਲਾਲ ਮੁਤਾਬਿਕ ਉਕਤ ਮਾਮਲੇ ਵਿੱਚ ਪਰਚਾ ਦਰਜ ਕਰਕੇ ਸੁਰਾਗਾਂ ਦੇ ਅਧਾਰ ਤੇ ਲੜਕੀ ਦੀ ਭਾਲ ਲਈ ਉੱਦਮ ਸ਼ੁਰੂ ਕਰ ਦਿੱਤੇ ਗਏ ਹਨ।