ਈ-ਰਿਕਸ਼ਾ ਚੋਰੀ ਕਰਨ ਦੇ ਦੋਸ਼ ‘ਚ ਦੋ ਗ੍ਰਿਫਤਾਰ, ਪੁਲਿਸ ਨੇ ਬਰਾਮਦ ਕੀਤੇ ਦੋ ਚੋਰੀਸ਼ੁਦਾ ਰਿਕਸ਼ਾ

0
38

ਲੁਧਿਆਣਾ (TLT) ਮਹਾਨਗਰ ਦੇ ਵੱਖ ਵੱਖ ਇਲਾਕਿਆਂ ਵਿੱਚੋਂ ਈ-ਰਿਕਸ਼ਾ ਚੋਰੀ ਕਰਨ ਦੀਆਂ ਵਾਰਦਾਤਾਂ ਅੰਜਾਮ ਦੇਣ ਦੇ ਦੋ ਕਥਿਤ ਮੁਲਜ਼ਮਾਂ ਨੂੰ ਥਾਣਾ ਸਲੇਮ ਟਾਬਰੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਪੁਲਿਸ ਵੱਲੋਂ ਕਾਬੂ ਕੀਤੇ ਗਏ ਕਥਿਤ ਮੁਲਜ਼ਮਾਂ ਦੀ ਪਛਾਣ ਪਿੰਡ ਬੱਲਾ ਜ਼ਿਲ੍ਹਾ ਜਲੰਧਰ ਦੇ ਰਹਿਣ ਵਾਲੇ ਜਿੰਦਰ ਅਤੇ ਪਿੰਡ ਲਾਲੜੂ ਵਾਸੀ ਦੀਪ ਕੁਮਾਰ ਦੇ ਰੂਪ ਵਿਚ ਹੋਈ ਹੈ। ਇਸ ਮਾਮਲੇ ਵਿਚ ਜਾਣਕਾਰੀ ਦਿੰਦੇ ਹੋਏ ਥਾਣਾ ਸਲੇਮ ਟਾਬਰੀ ਦੇ ਸਹਾਇਕ ਥਾਣੇਦਾਰ ਪ੍ਰੇਮ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਜਲੰਧਰ ਬਾਈਪਾਸ ਦੇ ਨਜ਼ਦੀਕ ਗਸ਼ਤ ਕਰ ਰਹੀ ਸੀ। ਇਸ ਦੌਰਾਨ ਗੁਪਤ ਰੂੁਪ ਵਿਚ ਸੂਚਨਾ ਮਿਲੀ ਕਿ ਬੈਟਰੀ ਨਾਲ ਚੱਲਣ ਵਾਲੇ ਈ-ਰਿਕਸ਼ਾ ਚੋਰੀ ਕਰਨ ਦੀਆਂ ਵਾਰਦਾਤਾਂ ਕਰਨ ਦੇ ਦੋ ਆਰੋਪੀ ਦੀਪੂ ਅਤੇ ਜਿੰਦਰ ਸ਼ੇਰਪੁਰ ਚੌਕ ਤੋਂ ਬਹਾਦੁਰ ਕੇ ਰੋਡ ਵੱਲ ਆ ਰਹੇ ਹਨ । ਉਕਤ ਜਾਣਕਾਰੀ ਦੇ ਆਧਾਰ ‘ਤੇ ਪੁਲਿਸ ਪਾਰਟੀ ਨੇ ਬਹਾਦਰ ਕੇ ਰੋਡ ਨੇੜੇ ਦਾਣਾ ਮੰਡੀ ਤੋਂ ਦੋਨਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਈ-ਰਿਕਸ਼ਾ ਬਰਾਮਦ ਕੀਤੇ ਹਨ। ਪੁਲਿਸ ਨੂੰ ਆਸ ਹੈ ਕਿ ਵਧੇਰੇ ਪੁੱਛਗਿੱਛ ਦੌਰਾਨ ਆਰੋਪੀਆਂ ਦੇ ਘਰੋਂ ਚੋਰੀ ਦੀਆਂ ਹੋਰ ਵਾਰਦਾਤਾਂ ਬਾਰੇ ਅਹਿਮ ਸੁਰਾਗ ਹੱਥ ਲੱਗਣਗੇ।