ਭਾਰਤੀ ਹਾਕੀ ਟੀਮਾਂ ਦੀ ਪ੍ਰਾਪਤੀ ਸ਼ਲਾਘਾਯੋਗ- ਨਿਤਿਨ ਕੋਹਲੀ, ਪਰਗਟ ਸਿੰਘ

0
50

ਜਲੰਧਰ (ਰਮੇਸ਼ ਗਾਬਾ) ਟੋਕਿਓ ਵਿਖੇ ਚਲ ਰਹੀਆਂ ਉਲੰਪਿਕ ਖੇਡਾਂ ਦੌਰਾਨ ਹਾਕੀ ਦੇ ਮੁਕਾਬਲਿਆਂ ਵਿੱਚ ਭਾਰਤੀ ਹਾਕੀ ਟੀਮਾਂ (ਮਰਦ ਅਤੇ ਔਰਤਾਂ) ਵਲੋਂ ਸੈਮੀਫਾਇਨਲ ਵਿੱਚ ਜਗ੍ਹਾ ਬਣਾਉਣਾ ਜਿਥੇ ਦੇਸ਼ ਲਈ ਮਾਣ ਵਾਲੀ ਗੱਲ ਹੈ ਉਥੇ ਹੀ ਉਨ੍ਹਾਂ ਦੀ ਇਹ ਪ੍ਰਾਪਤੀ ਸ਼ਲਾਘਾਯੋਗ ਹੈ। ਇਹ ਵਿਚਾਰ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਜਨਰਲ ਸਕੱਤਰ ਪਰਗਟ ਸਿੰਘ ਨੇ ਸਾਂਝੇ ਬਿਆਨ ਵਿੱਚ ਪੇਸ਼ ਕੀਤੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਪੁਰਸ਼ਾਂ ਦੀ ਟੀਮ ਵਿੱਚ 10 ਖਿਡਾਰੀ ਪੰਜਾਬ ਨਾਲ ਸਬੰਧਤ ਹਨ ਅਤੇ ਇਨ੍ਹਾਂ ਦਾ ਭਾਰਤੀ ਹਾਕੀ ਟੀਮ ਦੀ ਜਿੱਤ ਵਿੱਚ ਸਭ ਤੋਂ ਵੱਡਾ ਯੋਗਦਾਨ ਹੈ। ਕਵਾਰਟਰ ਫਾਇਨਲ ਵਿੱਚ ਤਿੰਨੋਂ ਗੋਲ ਕਰਨ ਵਾਲੇ ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ ਅਤੇ ਹਾਰਦਿਕ ਸਿੰਘ ਪੰਜਾਬ ਦੇ ਖਿਡਾਰੀ ਹਨ ਅਤੇ ਟੀਮ ਦੀ ਕਪਤਾਨੀ ਵੀ ਪੰਜਾਬੀ ਖਿਡਾਰੀ ਮਨਪ੍ਰੀਤ ਸਿੰਘ ਕਰ ਰਿਹਾ ਹੈ, ਜਿਸ ਨਾਲ ਦੇਸ਼ ਦਾ ਸਿਰ ਉੱਚਾ ਹੋਇਆ ਹੈ। ਉਥੇ ਉਨ੍ਹਾਂ ਨਾਲ ਹੀ ਕਿਹਾ ਕਿ ਮਹਿਲਾਵਾਂ ਦੀ ਟੀਮ ਵਿੱਚ ਪੰਜਾਬ ਦੀ ਭਾਂਵੇ ਗੁਰਜੀਤ ਕੌਰ ਇਕੋ ਖਿਡਾਰਣ ਹੀ ਹੈ ਪਰ ਭਾਰਤੀ ਮਹਿਲਾ ਹਾਕੀ ਟੀਮ ਨੂੰ ਸੈਮੀਫਾਇਨਲ ਵਿੱਚ ਪਹੁੰਚਾਉਣ ਲਈ ਉਸ ਦਾ ਯੋਗਦਾਨ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਸਨੇ ਭਾਰਤੀ ਟੀਮ ਨੂੰ ਮਿਲੇ ਇਕ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਭਾਰਤੀ ਮਹਿਲਾ ਹਾਕੀ ਦਾ ਇਤਿਹਾਸ ਸਿਰਜਿਆ ਹੈ ਅਤੇ ਭਾਰਤੀ ਟੀਮ ਪਹਿਲੀ ਵਾਰ ਉਲੰਪਿਕ ਦੇ ਸੈਮੀਫਾਇਨਲ ਵਿੱਚ ਦਾਖਲਾ ਦੁਆਇਆ। ਸਮੂਹ ਹਾਕੀ ਪੰਜਾਬ ਦੇ ਅਹੁਦੇਦਾਰਾਂ, ਮੈਂਬਰਾਂ, ਖਿਡਾਰੀਆਂ ਵਲੋਂ ਭਾਰਤੀ ਹਾਕੀ ਟੀਮਾਂ ਨੂੰ ਵਧਾਈ ਦਿੱਤੀ ਗਈ ਹੈ।