ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕੋਵਿਡ-19 ਪ੍ਰਭਾਵਿਤ ਬੱਚਿਆਂ ਨੂੰ ਭਲਾਈ ਸਕੀਮਾਂ ਦਾ ਲਾਭ ਪ੍ਰਦਾਨ ਕਰਨ ਲਈ ਕਿਹਾ

0
40

ਜ਼ਿਲ੍ਹਾ ਪੱਧਰੀ ਕਮੇਟੀ ਨੇ ਸਮੁੱਚੇ 40 ਬੱਚਿਆਂ ਨੂੰ ਪੈਨਸ਼ਨ ਅਤੇ ਹੋਰ ਲਾਭ ਦੇਣ ਨੂੰ ਮਨਜ਼ੂਰੀ ਦਿੱਤੀ
ਯੋਗ ਲਾਭਪਾਤਰੀ ਸਹਾਇਤਾ ਲਈ 0181-2258199, 0181-2459634, 9914586494 ‘ਤੇ ਕਰ ਸਕਦੇ ਹਨ ਫੋਨ

ਜਲੰਧਰ (ਰਮੇਸ਼ ਗਾਬਾ) ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੀ ਅਗਵਾਈ ਵਾਲੀ ਜ਼ਿਲ੍ਹਾ ਪੱਧਰੀ ਕਮੇਟੀ ਵੱਲੋਂ ਬੁੱਧਵਾਰ ਨੂੰ ਉਨ੍ਹਾਂ ਸਾਰੇ 40 ਕੋਵਿਡ-19 ਪ੍ਰਭਾਵਿਤ ਬੱਚਿਆਂ ਨੂੰ ਪੈਨਸ਼ਨ ਲਾਭ ਪ੍ਰਦਾਨ ਕਰਨ ਨੂੰ ਮਨਜ਼ੂਰ ਦਿੱਤੀ ਗਈ, ਜਿਨ੍ਹਾਂ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਆਪਣੇ ਮਾਤਾ-ਪਿਤਾ ਵਿੱਚੋਂ ਕਿਸੇ ਇਕ ਜਾਂ ਦੋਵਾਂ ਨੂੰ ਗੁਆ ਦਿੱਤਾ ਹੈ ।
ਇੱਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਸਰਕਾਰ ਦੀਆਂ ਭਲਾਈ ਸਕੀਮਾਂ ਅਧੀਨ ਸਾਰੇ ਬੱਚਿਆਂ ਦੀ ਕਵਰੇਜ ਨੂੰ ਯਕੀਨੀ ਬਣਾਇਆ ਜਾਵੇ।ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਬੱਚੇ ਗ੍ਰੈਜੂਏਸ਼ਨ ਤੱਕ ਮੁਫਤ ਸਿੱਖਿਆ, ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਲਾਭ, ਸਰਬੱਤ ਸਹਿਤ ਬੀਮਾ ਯੋਜਨਾ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਰੋਜ਼ਗਾਰ ਦੇ ਮੌਕਿਆਂ ਅਤੇ 1500 ਰੁਪਏ ਦੀ ਮਹੀਨਾਵਾਰ ਪੈਨਸ਼ਨ ਦੇ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਕਿਸੇ ਪਰਿਵਾਰ ਦੇ ਰੋਜ਼ੀ-ਰੋਟੀ ਕਮਾਉਣ ਵਾਲੇ ਦੀ ਮੌਤ ਹੋਣ ਦੀ ਸਥਿਤੀ ਵਿੱਚ ਮ੍ਰਿਤਕ ਦੇ ਪਤੀ/ਪਤਨੀ ਨੂੰ ਰੋਜ਼ਗਾਰ ਦੇ ਮੌਕੇ ਦਿੱਤੇ ਜਾਣਗੇ।
ਸ਼੍ਰੀ ਥੋਰੀ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਹੁਣ ਤੱਕ 40 ਕੇਸ ਪ੍ਰਾਪਤ ਹੋਏ ਹਨ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀ ਨੂੰ ਸਾਰੇ ਬੱਚਿਆਂ ਨੂੰ ਤੁਰੰਤ ਮਹੀਨਾਵਾਰ ਪੈਨਸ਼ਨ ਸ਼ੁਰੂ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਇਨ੍ਹਾਂ ਦੀ ਸਿੱਖਿਆ ਅਤੇ ਪੋਸ਼ਣ ਦਾ ਵੀ ਖਿਆਲ ਰੱਖਿਆ ਜਾਣਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਯੋਗ ਲਾਭਪਾਤਰੀ ਸਹਾਇਤਾ ਲਈ ਸਿੱਧੇ ਤੌਰ ‘ਤੇ ਡੀ. ਐਸ. ਐਸ. ਓ. ਦਫ਼ਤਰ ਅਤੇ ਡੀ. ਸੀ. ਪੀ. ਓ. ਦਫ਼ਤਰ ਵਿਖੇ ਉਨ੍ਹਾਂ ਦੇ ਫੋਨ ਨੰਬਰਾਂ 0181-2258199, 0181-2459634, 9914586494 ‘ਤੇ ਕਾਲ ਕਰ ਸਕਦੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਕੋਵਿਡ -19 ਪ੍ਰਭਾਵਿਤ ਬੱਚਿਆਂ ਨੂੰ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣ ਨੂੰ ਸਰਵਓਚ ਤਰਜੀਹ ਦੇਣ ਕਿਉਂਕਿ ਇਸ ਕੰਮ ਵਿੱਚ ਕਿਸੇ ਵੀ ਕਿਸਮ ਦੀ ਢਿੱਲ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਵੱਖ-ਵੱਖ ਵਿਭਾਗਾਂ ਨੂੰ ਇਸ ਯੋਜਨਾ ਤਹਿਤ ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਕਵਰ ਕਰਨ ਲਈ ਆਂਗਣਵਾੜੀ ਵਰਕਰਾਂ, ਆਸ਼ਾ ਵਰਕਰਾਂ ਅਤੇ ਹੋਰ ਫੀਲਡ ਸਟਾਫ ਨੂੰ ਸ਼ਾਮਲ ਕਰਨ ਦੀ ਹਦਾਇਤ ਕੀਤੀ।