ਬੱਦਲ ਫਟਣ ਦੇ ਮੱਦੇਨਜ਼ਰ ਕਿਸ਼ਤਵਾੜ ‘ਚ ਬਚਾਅ ਕਾਰਜਾਂ ‘ਤੇ ਕੇਂਦਰ ਸਰਕਾਰ ਨਜ਼ਰ- ਮੋਦੀ

0
42

ਜੰਮੂ (TLT) ਜੰਮੂ ਅਤੇ ਕਸ਼ਮੀਰ ਦੇ ਜ਼ਿਲ੍ਹਾ ਕਿਸ਼ਤਵਾੜ ਦੀ ਤਹਿਸੀਲ ਡਾਚਨ ਦੇ ਦੂਰ ਦੁਰਾਡੇ ਦੇ ਪਿੰਡ ਹੰਜ਼ਰ ਵਿੱਚ ਜੰਗੀ ਪੱਧਰ ਤੇ ਬਚਾਅ ਕਾਰਜ ਜਾਰੀ ਹੈ। ਪ੍ਰਾਪਤ ਹੋਈ ਤਾਜ਼ਾ ਜਾਣਕਾਰੀ ਦੇ ਅਨੁਸਾਰ ਬਚਾਅ ਟੀਮ ਨੇ ਮਲਬੇ ਦੇ ਹੇਠਾਂ ਦੱਬੀਆਂ ਸੱਤ ਲਾਸ਼ਾਂ ਬਰਾਮਦ ਕੀਤੀਆਂ ਹਨ ਜਦਕਿ 12 ਜ਼ਖਮੀ ਲੋਕਾਂ ਨੂੰ ਬਚਾ ਲਿਆ ਗਿਆ ਹੈ। ਪਿੰਡ ਦੇ 20 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ। ਫੌਜ, ਐਸ.ਡੀ.ਆਰ.ਐਫ ਦੇ ਵਾਧੂ ਸੈਨਿਕ ਬੁਲਾਏ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਕੁਝ ਘੰਟਿਆਂ ਵਿੱਚ ਇਹ ਵਾਧੂ ਸੈਨਿਕ ਮੌਕੇ ‘ਤੇ ਪਹੁੰਚ ਜਾਣਗੇ।

ਇਸ ਦੇ ਨਾਲ ਹੀ ਕੇਂਦਰ ਸਰਕਾਰ ਘਟਨਾਵਾਂ ਦੇ ਇਸ ਪੂਰੇ ਸਿਲਸਿਲੇ ‘ਤੇ ਵੀ ਨਜ਼ਰ ਰੱਖ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵਿੱਟਰ ਹੈਂਡਲ ਰਾਹੀਂ ਕਿਸ਼ਤਵਾੜ ਅਤੇ ਕਾਰਗਿਲ ਵਿਚ ਬੱਦਲ ਫਟਣ ਤੋਂ ਬਾਅਦ ਪੈਦਾ ਹੋਈ ਸਥਿਤੀ ਬਾਰੇ ਵੀ ਦੇਸ਼ ਵਾਸੀਆਂ ਨੂੰ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਕੇਂਦਰ ਸਰਕਾਰ ਕਿਸ਼ਤਵਾੜ ਅਤੇ ਕਾਰਗਿਲ ਵਿਚ ਬੱਦਲ ਫਟਣ ਦੇ ਮੱਦੇਨਜ਼ਰ ਸਥਿਤੀ ਤੇ ਨਜ਼ਰ ਰੱਖ ਰਹੀ ਹੈ। ਪ੍ਰਭਾਵਤ ਇਲਾਕਿਆਂ ਵਿਚ ਹਰ ਸੰਭਵ ਸਹਾਇਤਾ ਦਿੱਤੀ ਜਾ ਰਹੀ ਹੈ। ਮੈਂ ਸਾਰਿਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਲਈ ਪ੍ਰਾਰਥਨਾ ਕਰਦਾ ਹਾਂ।