ਪੁਲਿਸ ਕਮਿਸ਼ਨਰ ਨੇ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨੂੰ ਸੀ.ਸੀ.ਟੀ.ਵੀ. ਕੈਮਰੇ, ਅਲਾਰਮ ਪ੍ਰਣਾਲੀ ਲਗਾਉਣ ਅਤੇ ਸੁਰੱਖਿਆ ਗਾਰਡ ਤਾਇਨਾਤ ਕਰਨ ਲਈ ਕਿਹਾ

0
36

ਬੈਂਕਾਂ, ਵਿੱਤੀ ਕੰਪਨੀਆਂ ਅਤੇ ਮਨੀ ਐਕਸਚੇਂਜਿਜ਼ ਵਿਖੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ


ਜਲੰਧਰ (ਰਮੇਸ਼ ਗਾਬਾ) ਬੈਂਕਾਂ, ਗਹਿਣੀਆਂ ਦੀਆਂ ਦੁਕਾਨਾਂ, ਮਨੀ ਐਕਸਚੇਂਜਿਜ਼ ਅਤੇ ਵਿੱਤੀ ਕੰਪਨੀਆਂ ਵਿਖੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਪੁਲਿਸ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਇਨ੍ਹਾਂ ਸੰਸਥਾਵਾਂ ਦੇ ਮੁੱਖੀਆਂ ਨੂੰ ਆਪੋ-ਆਪਣੀਆਂ ਸ਼ਾਖਾਵਾਂ ਵਿਖੇ ਸੁਰੱਖਿਆ ਦੇ ਸਾਰੇ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ।
ਇਨ੍ਹਾਂ ਸੰਸਥਾਂਵਾਂ ਦੇ ਨੁਮਾਇੰਦਿਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੁਲਿਸ ਕਮਿਸ਼ਨਰ ਨੇ ਸਾਰੇ ਬੈਂਕਾਂ (ਰਾਸ਼ਟਰੀ ਅਤੇ ਨਿੱਜੀ), ਫਾਇਨਾਂਸ ਕੰਪਨੀਆਂ ਅਤੇ ਕਰਜ਼ ਮੁਹੱਈਆ ਕਰਵਾਉਣ ਵਾਲਿਆਂ ਨੂੰ ਸੁਰੱਖਿਆ ਦੇ ਪੁਖ਼ਤਾਂ ਇੰਤਜ਼ਾਮ, ਜਿਨ੍ਹਾਂ ਵਿੱਚ ਸੀ.ਸੀ.ਟੀ.ਵੀ.ਕੈਮਰੇ ਲਗਾਉਣੇ, ਸੁਰੱਖਿਆ ਅਲਾਰਮ ਤੋਂ ਇਲਾਵਾ ਬਰਾਂਚਾਂ ਵਿੱਚ ਸੁਰੱਖਿਆ ਕਰਮਚਾਰੀ ਤਾਇਨਾਤ ਕਰਨਾ ਆਦਿ ਸ਼ਾਮਲ ਹੈ, ਨੂੰ ਯਕੀਨੀ ਬਣਾਉਣ ਲਈ ਕਿਹਾ । ਉਨ੍ਹਾਂ ਇਨਾਂ ਬਰਾਂਚਾਂ ਦੇ ਮੁੱਖੀਆਂ ਨੂੰ ਕਿਹਾ ਕਿ ਉਨ੍ਹਾਂ ਦੇ ਖੇਤਰਾਂ ਵਿੱਚ ਤਾਇਨਾਤ ਕੀਤੀਆਂ ਗਈਆਂ ਮੋਬਾਇਲ ਪੁਲਿਸ ਪਾਰਟੀਆਂ ਨਾਲ ਨਿਯਮਤ ਤੌਰ ’ਤੇ ਤਾਲਮੇਲ ਰੱਖਿਆ ਜਾਵੇ ਤਾਂ ਜੋ ਸੁਰੱਖਿਆ ਦੇ ਪੁਖ਼ਤਾ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਸੁਰੱਖਿਆ ਉਪਕਰਨਾਂ ਖਾਸ ਕਰਕੇ ਸੁਰੱਖਿਆ ਅਲਾਰਮਾਂ ਅਤੇ ਹੋਰ ਪ੍ਰਬੰਧਾਂ ਦੀ ਨਿਯਮਤ ਜਾਂਚ ਕਰਦਿਆਂ ਇਨ੍ਹਾਂ ਦੀ ਕਾਰਜਸ਼ੀਲਤਾ ਨੂੰ ਯਕੀਨੀ ਬਣਾਇਆ ਜਾਵੇ।
ਇਸ ਮੀਟਿੰਗ ਦੌਰਾਨ 136 ਬਰਾਂਚ ਮੁੱਖੀਆਂ, ਜਿਨਾਂ ਵਿੱਚ 89 ਬੈਂਕ ਤੋਂ, ਕਰਜ਼ ਮੁਹੱਈਆ ਕਰਵਾਉਣ ਵਾਲੀਆਂ ਕੰਪਨੀਆਂ ਜਿਵੇਂ ਮੁਥੂਟ ਆਦਿ ਤੋਂ 28 ਅਤੇ ਵੈਸਟਰਨ ਯੂਨੀਅਨ ਮਨੀ ਟਰਾਂਸਫਰ ਤੋਂ 10 ਅਤੇ ਹੋਰ ਸ਼ਾਮਲ ਹਨ, ਦੇ ਨੁਮਾਇੰਦਿਆਂ ਵੱਲੋਂ ਸ਼ਿਰਕਤ ਕੀਤੀ ਗਈ।