ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਵੱਡਾ ਐਲਾਨ

0
96

ਚਡੀਗੜ੍ਹ (TLT) ਪੰਜਾਬ ਵਿਧਾਨ ਸਭ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਵੱਡਾ ਐਲਾਨ ਕੀਤਾ ਹੈ। ਪਾਰਟੀ ਨੇ ਸਭ ਕਿਆਸਰਾਈਆਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਪਾਰਟੀ 2022 ਦੀਆਂ ਵਿਧਾਨ ਸਭਾ ਚੋਣਾਂ ਆਪਣੇ ਬਲਬੂਤੇ ਇਕੱਲਿਆਂ ਲੜੇਗੀ ਤੇ ਸਰਕਾਰ ਬਣਾਵੇਗੀ। ਪਾਰਟੀ ਦੇ ਇਸ ਐਲਾਨ ਨਾਲ ਸਪਸ਼ਟ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ ਕਿਸੇ ਵੀ ਧਿਰ ਨਾਲ ਗੱਠਜੋੜ ਨਹੀਂ ਕਰੇਗੀ।

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ ਇੰਚਾਰਜ ਤੇ ਕੌਮੀ ਬੁਲਾਰੇ ਰਾਘਵ ਚੱਢਾ ਨੇ ਸੂਬਾ ਪ੍ਰਧਾਨ ਭਗਵੰਤ ਮਾਨ ਦੀ ਮੌਜੂਦਗੀ ‘ਚ ਸਪਸ਼ਟ ਕੀਤਾ ਹੈ ਕਿ ਪਾਰਟੀ 2022 ਦੀਆਂ ਵਿਧਾਨ ਸਭਾ ਚੋਣਾਂ ਇਕੱਲਿਆਂ ਲੜੇਗੀ। ਰਾਘਵ ਚੱਢਾ ਨੇ ਕਿਹਾ, ”ਅਸੀਂ ਅੱਜ ਸਾਫ਼ ਸ਼ਬਦਾਂ ‘ਚ ਹਮੇਸ਼ਾ ਲਈ ਇਹ ਸਪਸ਼ਟ ਕਰਦੇ ਹਾਂ ਕਿ 2022 ਦੀਆਂ ਚੋਣਾਂ ਆਮ ਆਦਮੀ ਪਾਰਟੀ ਆਪਣੇ ਬਲਬੂਤੇ ਲੜੇਗੀ। ਕਿਸੇ ਪਾਰਟੀ ਨਾਲ ਕੋਈ ਗੱਠਜੋੜ ਨਹੀਂ ਕਰੇਗੀ। ਸਾਰੇ 117 ਵਿਧਾਨ ਸਭਾ ਹਲਕਿਆਂ ‘ਚ ਆਪਣੇ ਉਮੀਦਵਾਰ ਉਤਾਰੇਗੀ ਤੇ ਜਿੱਤੇਗੀ।”

ਰਾਘਵ ਚੱਢਾ ਨੇ ਕਿਹਾ ਕਿ ਦੂਜੀਆਂ ਪਾਰਟੀਆਂ ਦੇ ਜੋ ਚੰਗੇ ਲੋਕ ਹਨ ਤੇ ਪੰਜਾਬ ਦੀ ਖ਼ੁਸ਼ਹਾਲੀ ਚਾਹੁੰਦੇ ਹਨ, ਅਜਿਹੇ ਸਾਰੇ ਲੋਕਾਂ ਤੇ ਆਗੂਆਂ ਦਾ ਆਮ ਆਦਮੀ ਪਾਰਟੀ ‘ਚ ਦਿਲੋਂ ਸਵਾਗਤ ਹੈ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਸੂਬੇ ਦੇ ਲੋਕ ਬਾਦਲਾਂ ਦੇ ਮਾਫ਼ੀਆ ਰਾਜ ਤੋਂ ਕਲਪ ਗਏ ਸਨ, ਹੁਣ ਕਾਂਗਰਸ ਦੀ ਮਾਫ਼ੀਆ ਸਰਕਾਰ ਤੋਂ ਹੋਰ ਵੀ ਜ਼ਿਆਦਾ ਕਲਪੇ ਪਏ ਹਨ। ਇਸ ਲਈ ਜਨਤਾ ਆਮ ਆਦਮੀ ਪਾਰਟੀ ਨੂੰ ਉਮੀਦ ਵਜੋਂ ਦੇਖਣਾ ਚਾਹੁੰਦੀ ਹੈ ਤੇ ਇੱਕ ਵਾਰ ਸਰਕਾਰ ਦੀ ਜ਼ਿੰਮੇਵਾਰੀ ਦੇਣ ਦਾ ਪੂਰਾ ਮਨ ਬਣਾ ਚੁੱਕੀ ਹੈ।