ਨਵੇਂ ਭਰਤੀ ਹੋਏ 108 ਖੇਤੀਬਾੜੀ ਵਿਕਾਸ ਅਫ਼ਸਰਾਂ ਲਈ ਸਿਖਲਾਈ ਪ੍ਰੋਗਰਾਮ ਕਰਵਾਇਆ

0
53

ਵਧੀਕ ਮੁੱਖ ਸਕੱਤਰ (ਵਿਕਾਸ) ਨੇ ਨਵੇਂ ਅਧਿਕਾਰੀਆਂ ਨੂੰ ਕਿਸਾਨਾਂ ਦੀ ਭਲਾਈ ਲਈ ਕੰਮ ਕਰਨ ਵਾਸਤੇ ਕਿਹਾ


ਲੁਧਿਆਣਾ (TLT) ਪੰਜਾਬ ਸਰਕਾਰ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿੱਚ ਨਵੇਂ ਭਰਤੀ ਹੋਏ 108 ਖੇਤੀਬਾੜੀ ਵਿਕਾਸ ਅਫਸਰਾਂ (ਏ.ਡੀ.ਓਜ਼) ਲਈ 12 ਦਿਨਾ ਸਿਖਲਾਈ ਪੋ੍ਰਗਰਾਮ ਸ਼ੁਰੂ ਕੀਤਾ ਹੈ।
ਵਧੀਕ ਮੁੱਖ ਸਕੱਤਰ (ਵਿਕਾਸ) ਅਨਿਰੁਧ ਤਿਵਾੜੀ ਅਨੁਸਾਰ ਪੰਜਾਬ ਖੇਤੀਬਾੜੀ ਪ੍ਰਬੰਧਨ ਅਤੇ ਐਕਸਟੈਂਸ਼ਨ ਟ੍ਰੇਨਿੰਗ ਇੰਸਟੀਚਿਊਟ (ਪੀ.ਏ.ਐਮ.ਈ.ਟੀ.ਆਈ.) ਵੱਲੋਂ ਪਹਿਲੇ ਬੈਚ ਦੇ 55 ਏਡੀਓਜ਼ ਨੂੰ ਆਫਲਾਈਨ ਢੰਗ ਨਾਲ ਸਿਖਲਾਈ ਦੇਣ ਸਬੰਧੀ ਸਮਾਂ-ਸਾਰਣੀ ਤਿਆਰ ਕੀਤੀ ਗਈ ਹੈ ਜੋ ਕਿ 20 ਜੁਲਾਈ ਤੋਂ 25 ਜੁਲਾਈ 2021 ਤੱਕ ਪਹਿਲਾਂ ਹੀ ਸ਼ੁਰੂ ਹੋ ਗਈ ਹੈ। ਇਸੇ ਤਰ੍ਹਾਂ 53 ਏ.ਡੀ.ਓਜ਼ ਦੇ ਦੂਜੇ ਬੈਚ ਨੂੰ 26-31 ਜੁਲਾਈ, 2021 ਤੱਕ ਸਿਖਲਾਈ ਦਿੱਤੀ ਜਾਏਗੀ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਹਾਲ ਹੀ ਵਿੱਚ ਨਿਯੁਕਤ ਕੀਤੇ ਗਏੇ ਏ.ਡੀ.ਓਜ਼ ਨੂੰ ਸੰਬੋਧਨ ਕਰਦਿਆਂ ਸ੍ਰੀ ਤਿਵਾੜੀ, ਜਿਨ੍ਹਾਂ ਕੋਲ ਪੀ.ਏ.ਯੂ. ਦੇ ਉਪ-ਕੁਲਪਤੀ ਦਾ ਚਾਰਜ ਹੈ, ਨੇ ਇਨ੍ਹਾਂ ਅਧਿਕਾਰੀਆਂ ਨੂੰ ਖੇਤੀਬਾੜੀ ਵਿਭਾਗ ਦੇ ਕੰਮਕਾਜ ਅਤੇ ਮਹੱਤਤਾ ਬਾਰੇ ਸੰਖੇਪ ਵਿੱਚ ਜਾਣੂ ਕਰਾਇਆ। ਉਨ੍ਹਾਂ ਨੇ ਪੰਜਾਬ ਵਿਚ ਹਰੀ ਕ੍ਰਾਂਤੀ ਲਿਆਉਣ ਵਾਲੇ ਮੁੱਢਲੇ ਕਾਰਕਾਂ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਸੂਬੇ ਦੀ ਖੇਤੀਬਾੜੀ ਦੇ ਸਾਹਮਣੇ ਮੌਜੂਦਾ ਚੁਣੌਤੀਆਂ ਅਤੇ ਇਨ੍ਹਾਂ ਨੂੰ ਦੂਰ ਕਰਨ ਖਾਸ ਕਰਕੇ ਰਵਾਇਤੀ ਖੇਤੀ ਤੋਂ ਫ਼ਸਲੀ ਵਿਭਿੰਨਤਾ ਵੱਲ ਜਾਣ ਵਿੱਚ ਪਾਸਾਰ ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀਆਂ ਦੀ ਭੂਮਿਕਾ ਬਾਰੇ ਵੀ ਦੱਸਿਆ। “ਟਿਕਾਊ ਖੇਤੀਬਾੜੀ ਅਤੇ ਕਿਸਾਨੀ ਦੀ ਖੁਸ਼ਹਾਲੀ” ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਸ੍ਰੀ ਤਿਵਾੜੀ ਨੇ ਸਿਖਲਾਈ ਅਫਸਰਾਂ ਨੂੰ ਕਿਸਾਨੀ ਭਾਈਚਾਰੇ ਦੀ ਭਲਾਈ ਲਈ ਆਪਣੀ ਡਿਊਟੀ ਪੂਰੀ ਲਗਨ, ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਦਾ ਸੱਦਾ ਦਿੱਤਾ।
ਇਨ੍ਹਾਂ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ. ਸੁਖਦੇਵ ਸਿੰਘ ਸਿੱਧੂ ਨੇ ਉਮੀਦ ਜਤਾਈ ਕਿ ਉਹ ਜ਼ਮੀਨੀ ਪੱਧਰ ‘ਤੇ ਕਿਸਾਨਾਂ ਨਾਲ ਨਿਰੰਤਰ ਸੰਪਰਕ ਵਿੱਚ ਰਹਿੰਦਿਆਂ ਤਬਦੀਲੀ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਨਗੇ।ਉਨ੍ਹਾਂ ਨੇ ਸੂਬੇ ਵਿੱਚ ਕੀਟਨਾਸ਼ਕਾਂ ਦੀ ਵਰਤੋਂ, ਕੀਟਨਾਸ਼ਕ ਐਕਟ ਅਤੇ ਇਸ ਦੇ ਕੁਆਲਟੀ ਕੰਟਰੋਲ ਬਾਰੇ ਵੀ ਦੱਸਿਆ।
ਇਸ ਤੋਂ ਪਹਿਲਾਂ ਆਪਣੇ ਸਵਾਗਤੀ ਭਾਸ਼ਣ ਦੌਰਾਨ ਡਾਇਰੈਕਟਰ ਪੀ.ਏ.ਐਮ.ਈ.ਟੀ.ਆਈ. ਡਾ. ਐਚ.ਐਸ. ਧਾਲੀਵਾਲ ਨੇ ਸਿਖਲਾਈ ਪ੍ਰੋਗਰਾਮ ਦੇ ਉਦੇਸ਼ `ਤੇ ਚਾਨਣਾ ਪਾਇਆ, ਜੋ ਅਧਿਕਾਰੀਆਂ ਨੂੰ ਵਿਭਾਗ ਵਿੱਚ ਉਨ੍ਹਾਂ ਦੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਤੋਂ ਜਾਣੂ ਕਰਵਾਏਗਾ।

    ਸਿਖਲਾਈ ਪੋ੍ਰਗਰਾਮ ਵਿਚ ਵਿਭਾਗ ਦੇ ਸੰਗਠਨਾਤਮਕ ਢਾਂਚੇ ਅਤੇ ਕਾਰਜਪ੍ਰਣਾਲੀ ਅਤੇ ਵਿਭਾਗ ਵਿਚ ਏ.ਡੀ.ਓਜ਼ ਦੀਆਂ ਸੰਭਾਵਿਤ ਭੂਮਿਕਾਵਾਂ ਬਾਰੇ ਸੈਸ਼ਨ ਸ਼ਾਮਲ ਕੀਤੇ ਗਏ ਹਨ। ਖੇਤੀਬਾੜੀ ਵਿਭਾਗ ਦੇ ਵੱਖ ਵੱਖ ਸੈਕਸ਼ਨਾਂ/ਵਿੰਗਾਂ ਦੇ ਮੁਖੀ (ਜੁਆਇੰਟ ਡਾਇਰੈਕਟਰ) ਸਿਖਿਆਰਥੀਆਂ ਨਾਲ ਗੱਲਬਾਤ ਕਰਨਗੇ ਅਤੇ ਆਪਣੇ ਸੈਕਸ਼ਨਾਂ ਦੇ ਕੰਮਕਾਜ ਬਾਰੇ ਜਾਣਕਾਰੀ ਦੇਣਗੇ। ਸੂਬੇ ਵਿੱਚ ਖੇਤੀ ਲਾਗਤਾਂ ਦੇ ਸਬੰਧ ਵਿੱਚ ਵਿਭਾਗ ਵੱਲੋਂ ਲਾਗੂ ਕੀਤੇ ਜਾ ਰਹੇ ਵੱਖ-ਵੱਖ ਕਾਰਜਾਂ, ਨਿਯਮਾਂ ਅਤੇ ਨੀਤੀਆਂ ਬਾਰੇ ਵੀ ਵਿਸਥਾਰ ਵਿੱਚ ਵਿਚਾਰ ਕੀਤਾ ਜਾਵੇਗਾ।

ਖੇਤੀਬਾੜੀ ਵਿਭਾਗ ਦੀਆਂ ਲੈਬਾਂ ਅਤੇ ਫਸਲੀ ਰਹਿੰਦ ਖੂੰਹਦ ਪ੍ਰਬੰਧਨ ਮਸ਼ੀਨਰੀ ਅਤੇ ਪੀਏਯੂ ਵਿਖੇ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ ਜਾਵੇਗਾ ਜਿੱਥੇ ਸਿਖਿਆਰਥੀ ਮਾਹਿਰਾਂ ਨਾਲ ਗੱਲਬਾਤ ਕਰਨਗੇ ਅਤੇ ਪੀ.ਏ.ਯੂ. ਦੁਆਰਾ ਵਿਕਸਤ ਕੀਤੇ ਗਏ ਬੀਜ, ਖਾਦ ਅਤੇ ਕੀਟਨਾਸ਼ਕਾਂ ਦੀਆਂ ਜਾਂਚ ਪ੍ਰਕਿਰਿਆਵਾਂ ਅਤੇ ਫਸਲਾਂ ਦੀ ਰਹਿੰਦ ਖੂੰਹਦ ਪ੍ਰਬੰਧਨ ਦੇ ਵੱਖ-ਵੱਖ ਤਰੀਕਿਆਂ ਬਾਰੇ ਜਾਣਕਾਰੀ ਹਾਸਲ ਕਰਨਗੇ।